ਸ਼ੰਕਰ ਦਾਸ ਦੀ ਰਿਪੋਰਟ



Punjab News: ਪਟਿਆਲਾ ਜੇਲ੍ਹ ਵਿੱਚ ਇੱਕ ਸਾਲ ਦੀ ਸਜ਼ਾ ਕੱਟ ਰਹੇ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਝਟਕਾ ਲੱਗਾ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ ਚੰਗੇ ਆਚਰਣ ਕਾਰਨ ਗਣਤੰਤਰ ਦਿਵਸ ਮੌਕੇ ਰਿਹਾਅ ਕੀਤਾ ਜਾਣਾ ਸੀ ਪਰ ਹੁਣ ਉਨ੍ਹਾਂ ਦੀ ਰਿਹਾਈ ਟਾਲ ਦਿੱਤੀ ਗਈ ਹੈ। ਉਨ੍ਹਾਂ ਦੇ ਸਮਰਥਕਾਂ ਨੇ ਸਿੱਧੂ ਦੀ ਰਿਹਾਈ ਲਈ ਪਹਿਲਾਂ ਹੀ ਕਾਫੀ ਤਿਆਰੀਆਂ ਕਰ ਲਈਆਂ ਸਨ। ਉਨ੍ਹਾਂ ਦੇ ਸਵਾਗਤ ਲਈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਪੋਸਟਰ ਚਿਪਕਾਏ ਗਏ ਸੀ।

ਘਰ ਵਿੱਚ ਟੈਂਟ ਲਾ ਕੇ ਉਸ ਦੀ ਰਿਹਾਈ ਲਈ ਤਿਆਰੀਆਂ ਕੀਤੀਆਂ ਗਈਆਂ ਸਨ ਪਰ ਉਹ ਸਭ ਧਰੀਆਂ ਰਹਿ ਗਈਆਂ।


ਹਾਲਾਂਕਿ ਉਨ੍ਹਾਂ ਦੇ ਸਮਰਥਕ ਕਾਂਗਰਸੀ ਆਗੂ ਪਟਿਆਲਾ ਸਥਿਤ ਸਿੱਧੂ ਦੇ ਘਰ ਇਕੱਠੇ ਹੋਏ ਹਨ। ਸਿੱਧੂ ਦੇ ਸਮਰਥਕਾਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਇੱਕ ਰੂਟ ਮੈਪ ਵੀ ਸਾਂਝਾ ਕੀਤਾ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਸਿੱਧੂ ਕਿਹੜੇ ਰੂਟਾਂ ਤੋਂ ਲੰਘਣਗੇ। ਇਸ ਟਵੀਟ ਵਿੱਚ ਉਨ੍ਹਾਂ ਦੇ ਸਮਰਥਕਾਂ ਨੇ ਲੋਕਾਂ ਨੂੰ ਸਿੱਧੂ ਦਾ ਸਵਾਗਤ ਕਰਨ ਦੀ ਅਪੀਲ ਕੀਤੀ ਹੈ।

ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਸਿੱਧੂ ਦੀ ਰਿਹਾਈ ਦੇ ਫੈਸਲੇ ਨੂੰ ਟਾਲਣ 'ਤੇ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ- ਨਵਜੋਤ ਸਿੱਧੂ ਇਕ ਖੌਫਨਾਕ ਜਾਨਵਰ ਦੀ ਸ਼੍ਰੇਣੀ 'ਚ ਆਉਂਦਾ ਹੈ। ਇਸੇ ਕਰਕੇ ਉਨ੍ਹਾਂ ਨੂੰ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਵੀ ਰਿਹਾਈ ਦੀ ਰਾਹਤ ਨਹੀਂ ਦਿੱਤੀ ਜਾ ਰਹੀ। ਸਾਰਿਆਂ ਨੂੰ ਇਨ੍ਹਾਂ ਤੋਂ ਦੂਰ ਰਹਿਣ ਦੀ ਬੇਨਤੀ ਕੀਤੀ ਜਾਂਦੀ ਹੈ।

 ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਹੁਣ ਤੱਕ ਕਰੀਬ 7 ਮਹੀਨੇ ਦੀ ਸਜ਼ਾ ਕੱਟ ਚੁੱਕੇ ਹਨ। ਨਿਯਮਾਂ ਮੁਤਾਬਕ ਸਭ ਕੁਝ ਸਿੱਧੂ ਦੇ ਹੱਕ ਵਿੱਚ ਹੈ ਤਾਂ ਜੋ ਉਨ੍ਹਾਂ ਨੂੰ ਰਾਹਤ ਮਿਲੇ। ਪਹਿਲਾਂ ਹੀ ਗਣਤੰਤਰ ਦਿਵਸ ਮੌਕੇ ਜੇਲ੍ਹ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਨੂੰ ਕਈ ਕੈਦੀਆਂ ਨੂੰ ਉਨ੍ਹਾਂ ਦੇ ਚੰਗੇ ਆਚਰਣ ਕਾਰਨ ਰਿਹਾਅ ਕਰਨ ਦੀ ਸਿਫ਼ਾਰਸ਼ ਭੇਜੀ ਸੀ, ਜਿਸ ਵਿੱਚ ਸਿੱਧੂ ਦਾ ਨਾਂਅ ਵੀ ਸੀ। ਸੂਤਰਾਂ ਮੁਤਾਬਕ ਸਿੱਧੂ ਸਮੇਤ ਹੋਰ ਕੈਦੀਆਂ ਦੀ ਰਿਹਾਈ ਲਈ ਕੈਬਨਿਟ ਮੀਟਿੰਗ ਹੋਣੀ ਸੀ ਪਰ ਇਹ ਮੀਟਿੰਗ ਨਹੀਂ ਹੋ ਸਕੀ।

ਇਸ ਦੇ ਨਾਲ ਹੀ ਇਹ ਵੀ ਚਰਚਾ ਹੈ ਕਿ ਜੇਕਰ ਸਿੱਧੂ ਨੂੰ 1 ਸਾਲ ਦੀ ਸਜ਼ਾ ਹੋਈ ਹੈ ਤਾਂ ਉਸ ਦੀ ਵੱਧ ਤੋਂ ਵੱਧ 1 ਮਹੀਨੇ ਦੀ ਸਜ਼ਾ ਮੁਆਫ਼ ਹੋ ਸਕਦੀ ਹੈ ਪਰ ਹੁਣ ਉਹ ਇਸ ਦਾਇਰੇ ਵਿੱਚ ਨਹੀਂ ਆ ਰਹੇ। ਨਵਜੋਤ ਸਿੱਧੂ ਦਾ ਜੇਲ੍ਹ ਵਿੱਚ ਆਚਰਣ ਚੰਗਾ ਪਾਇਆ ਗਿਆ। ਉਸ ਨੂੰ ਜੇਲ੍ਹ ਦਾ ਕੰਮ ਕਲਰਕ ਵਜੋਂ ਸੌਂਪਿਆ ਗਿਆ ਸੀ। ਉਸ ਨੇ ਜੇਲ੍ਹ ਵਿੱਚ ਨਿਯਮਾਂ ਦੇ ਬਾਵਜੂਦ ਕੋਈ ਛੁੱਟੀ ਵੀ ਨਹੀਂ ਲਈ। ਹਾਲਾਂਕਿ ਜੇਲ ਦੀ ਸਿਫਾਰਿਸ਼ ਤੋਂ ਬਾਅਦ ਗੇਂਦ ਪੰਜਾਬ ਸਰਕਾਰ ਦੇ ਹੱਥ 'ਚ ਹੈ। ਉਸ ਨੇ ਅੰਤਿਮ ਫੈਸਲਾ ਲੈਣਾ ਸੀ।