ਰੌਬਟ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਬੇਅਦਬੀ ਮਾਮਲੇ ਨੂੰ ਲੈ ਕੇ ਲਗਾਤਾਰ ਕੈਪਟਨ ਸਰਕਾਰ ਤੇ ਦਬਾਅ ਬਣਾ ਰਹੇ ਹਨ। ਇਸ ਦੇ ਨਾਲ ਨਾਲ ਉਹ ਪਿੱਛਲੀ ਬਾਦਲ ਸਰਕਾਰ ਤੇ ਵੀ ਹਮਲਾਵਰ ਹੋ ਰਹੇ ਹਨ। ਨਵਜੋਤ ਸਿੱਧੂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਘਟਨਾ ਦਾ ਵੀਡੀਓ ਜਾਰੀ ਕੀਤਾ ਹੈ।
ਉਨ੍ਹਾਂ ਨੇ ਇਸ ਵੀਡੀਓ ਨੂੰ ਸਬੂਤ ਵਜੋਂ ਪੇਸ਼ ਕੀਤਾ, ਹੈ। ਸੁਖਬੀਰ ਬਾਦਲ ਨੇ ਨਵਜੋਤ ਸਿੱਧੂ, ਕੈਪਟਨ ਅਮਰਿੰਦਰ ਸਿੰਘ ਤੇ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਸੀ ਕਿ ਜੇ ਉਨ੍ਹਾਂ ਕੋਲ ਕੋਈ ਸਬੂਤ ਹਨ ਤਾਂ ਉਹ ਇਸ ਨੂੰ ਜਨਤਾ ਸਾਹਮਣੇ ਕਿਉਂ ਨਹੀਂ ਪੇਸ਼ ਕਰਦੇ।
ਨਵਜੋਤ ਸਿੱਧੂ ਨੇ ਇੱਕ ਵੀਡੀਓ ਜਾਰੀ ਕੀਤਾ ਤੇ ਇਸ ਦੇ ਨਾਲ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਕੀਤੀ। ਨਵਜੋਤ ਸਿੱਧੂ ਵੱਲੋਂ ਜਾਰੀ ਕੀਤਾ ਗਿਆ ਵੀਡੀਓ ਸਤੰਬਰ 2018 ਦਾ ਹੈ। ਇਸ ਵੀਡੀਓ ਨੂੰ ਜਾਰੀ ਕਰਦਿਆਂ ਨਵਜੋਤ ਸਿੱਧੂ ਨੇ ਲਿਖਿਆ ਕਿ ਤੁਸੀਂ ਦੋਸ਼ੀ ਹੋ, ਪਰ ਤੁਹਾਨੂੰ ਬਚਾਇਆ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਸ਼ਨੀਵਾਰ ਨੂੰ ਫਰੀਦਕੋਟ ਵਿੱਚ 2015 ਦੀ ਘਟਨਾ ਬਾਰੇ ਕਾਂਗਰਸੀ ਨੇਤਾਵਾਂ ਤੋਂ ਸਬੂਤ ਮੰਗੇ ਸਨ। ਨਵਜੋਤ ਸਿੱਧੂ ਨੇ ਕਿਹਾ ਕਿ ਬਾਦਲ ਖ਼ਿਲਾਫ਼ ਲੋੜੀਂਦੇ ਸਬੂਤ ਉਪਲਬਧ ਹਨ। ਉਨ੍ਹਾਂ ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਵੀ ਪੇਸ਼ ਕੀਤੀ।
ਉਨ੍ਹਾਂ ਕੁਝ ਸੀਸੀਟੀਵੀ ਫੁਟੇਜ ਵੀ ਪੋਸਟ ਕੀਤੇ। ਨਵਜੋਤ ਨੇ ਲਿਖਿਆ ਕਿ ਸੀਸੀਟੀਵੀ ਫੁਟੇਜ ਜਸਟਿਸ ਜੋਰਾ ਸਿੰਘ ਕਮਿਸ਼ਨ ਇਨਕੁਆਰੀ ਤੋਂ ਲੁਕਾ ਲਏ ਗਏ ਸੀ। ਉਸ ਸਮੇਂ, ਸੱਤਾ ਵਿੱਚ ਬਾਦਲ ਹੀ ਸਨ। ਬਾਅਦ ਵਿੱਚ ਜਸਟਿਸ ਰਣਜੀਤ ਸਿੰਘ ਨੇ ਇਨ੍ਹਾਂ ਸੀਸੀਟੀਵੀ ਫੁਟੇਜਾਂ ਨੂੰ ਖੰਗਾਲ ਕੇ ਲੱਭਿਆ ਸੀ।
ਨਵਜੋਤ ਸਿੱਧੂ ਨੇ ਕਿਹਾ, "ਮੈਂ ਇਸ ਸੀਸੀਟੀਵੀ ਫੁਟੇਜ ਨੂੰ ਜਨਤਕ ਖੇਤਰ ਵਿੱਚ ਪਾ ਰਿਹਾ ਹਾਂ, ਜਿਸ ਵਿੱਚ ਪੁਲਿਸ ਦੀ ਭੂਮਿਕਾ ਸਾਫ਼ ਦਿਖਾਈ ਦੇ ਰਹੀ ਹੈ। ਬਾਦਲ ਤੁਸੀਂ ਦੋਸ਼ੀ ਹੋ ਪਰ ਤੁਹਾਡਾ ਬਚਾਅ ਹੋ ਰਿਹਾ ਹੈ।"