ਅੰਮ੍ਰਿਤਸਰ: ਕਾਂਗਰਸੀ ਆਗੂ ਨਵਜੋਤ ਸਿੱਧੂ ਕਿਸਾਨ ਬਿੱਲ ਦੇ ਵਿਰੋਧ ਵਿੱਚ ਅੰਮ੍ਰਿਤਸਰ ਵਿੱਚ ਸੜਕ ‘ਤੇ ਉੱਤਰ ਆਏ। ਉਨ੍ਹਾਂ ਨੇ ਭੰਡਾਰੀ ਪੁਲ ਤੋਂ ਅੰਮ੍ਰਿਤਸਰ ਦੇ ਹਾਲ ਗੇਟ ਤੱਕ ਮਾਰਚ ਵਿੱਚ ਹਿੱਸਾ ਲਿਆ। ਸਿੱਧੂ ਨਾਲ ਸੈਂਕੜੇ ਸਮਰਥਕ ਵੀ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਿਸਾਨ ਬਿੱਲ ਜਮਾਖੋਰੀ ਨੂੰ ਹੁਲਾਰਾ ਦੇਵੇਗਾ। ਕੀ ਸਰਕਾਰ ਰੋਟੀ ਨੂੰ ਜ਼ਰੂਰੀ ਚੀਜ਼ ਨਹੀਂ ਮੰਨਦੀ?

ਦੱਸ ਦਈਏ ਕਿ ਪ੍ਰਦਰਸ਼ਨ ਵਿੱਚ ਸਿੱਧੂ ਟਰੈਕਟਰ 'ਤੇ ਸਵਾਰ ਹੋਏ ਨਜ਼ਰ ਆਏ। ਇਸ ਰੋਸ 'ਚ ਕਈ ਟਰੈਕਟਰਾਂ ਸਮੇਤ ਕਿਸਾਨਾਂ ਨੇ ਹਿੱਸਾ ਲਿਆ। ਉਨ੍ਹਾਂ ਦੇ ਹੱਥਾਂ ਵਿੱਚ ਤਖ਼ਤੀਆਂ ਸੀ ਤੇ ਕੁਝ ਨੇ ਤਾਂ ਕਾਲੇ ਝੰਡੇ ਵੀ ਫੜੇ ਹੋਏ ਸੀ। ਸਿੱਧੂ ਕਰੀਬ ਇੱਕ ਸਾਲ ਬਾਅਦ ਮੈਦਾਨ ਵਿੱਚ ਦਾਖਲ ਹੋਏ ਹਨ। ਕੈਬਨਿਟ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਉਨ੍ਹਾਂ ਨੇ ਇੱਕ ਸਾਲ 'ਚੁੱਪ' ਰੱਖੀ। ਉਹ ਕਿਤੇ ਨਜ਼ਰ ਨਹੀਂ ਆਏ।



ਇਸ ਸਮੇਂ ਪੰਜਾਬ ਵਿੱਚ ਕਿਸਾਨ ਬਿੱਲ ਦਾ ਮੁੱਦਾ ਗਰਮਾਈਆ ਹੋਇਆ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਬਾਦਲ ਨੇ ਮੋਦੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦਾ ਭਰੋਸਾ ਜਿੱਤਣ 'ਚ ਨਾਕਾਮਯਾਬ ਹੋਈ।

ਉਧਰ, ਇਸ ਮੁੱਦੇ 'ਤੇ ਸਰਕਾਰ ਤੇ ਵਿਰੋਧੀ ਧਿਰ ਆਹਮੋ-ਸਾਹਮਣੇ ਹਨ। ਸਰਕਾਰ ਦਾਅਵਾ ਕਰ ਰਹੀ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਜੀਵਨ ਵਿੱਚ ਤਬਦੀਲੀਆਂ ਲਿਆਏਗਾ। ਉਨ੍ਹਾਂ ਦੀ ਆਮਦਨੀ ਵਧੇਗੀ। ਕਿਸਾਨਾਂ ਨੂੰ ਕਿਤੇ ਵੀ ਆਪਣੀਆਂ ਫਸਲਾਂ ਵੇਚਣ ਦੀ ਆਜ਼ਾਦੀ ਮਿਲੇਗੀ। ਉਧਰ ਵਿਰੋਧੀ ਧਿਰ ਦਾ ਦਾਅਵਾ ਹੈ ਕਿ ਨਿੱਜੀ ਕੰਪਨੀਆਂ ਕਿਸਾਨਾਂ ਦਾ ਸ਼ੋਸ਼ਣ ਕਰਨਗੀਆਂ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904