ਪੰਜਾਬ ਦੀ ਰਾਜਨੀਤੀ ਤੋਂ ਦੂਰ ਹੋ ਚੁੱਕੇ ਸਾਬਕਾ ਕ੍ਰਿਕਟਰ ਅਤੇ ਟੀਵੀ ਪਰਸਨੈਲਟੀ ਨਵਜੋਤ ਸਿੰਘ ਸਿੱਧੂ ਅੱਜਕੱਲ ਇੰਗਲੈਂਡ ‘ਚ ਪਰਿਵਾਰ ਨਾਲ ਛੁੱਟੀਆਂ ਮਨਾ ਰਹੇ ਹਨ। ਕਪਿਲ ਸ਼ਰਮਾ ਸ਼ੋਅ ਦੀ ਸ਼ੂਟਿੰਗ ਤੋਂ ਬ੍ਰੇਕ ਲੈਂਦੇ ਹੋਏ, ਸਿੱਧੂ ਨੇ ਆਪਣੇ ਪਰਿਵਾਰ ਨੂੰ ਸਮਾਂ ਦੇਣ ਦਾ ਫ਼ੈਸਲਾ ਕੀਤਾ ਅਤੇ ਇੰਗਲੈਂਡ ਦਾ ਰੁਖ਼ ਕੀਤਾ। ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਛੁੱਟੀਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਸੀ, "ਟੇਕਿੰਗ ਹਰ ਫਾਰ ਅ ਹਾਲਿਡੇ।"
ਹਾਲ ਹੀ ਵਿੱਚ ਸਿੱਧੂ ਨੇ ਇੱਕ ਰੀਲ ਵੀ ਪੋਸਟ ਕੀਤੀ ਹੈ, ਜਿਸ ਵਿੱਚ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਇੰਗਲੈਂਡ ਦੇ ਖੂਬਸੂਰਤ ਪਿੰਡ ਕੋਟਸਵਾਲਡਸ ਵਿੱਚ ਘੁੰਮਦੇ ਅਤੇ ਮੌਜ-ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਕੋਟਸਵਾਲਡਸ ਆਪਣੀ ਕੁਦਰਤੀ ਖੂਬਸੂਰਤੀ ਅਤੇ ਸ਼ਾਂਤ ਮਾਹੌਲ ਲਈ ਮਸ਼ਹੂਰ ਹੈ। ਇੱਥੇ ਸਿੱਧੂ ਪਰਿਵਾਰ ਗਲੀਆਂ ਵਿੱਚ ਟਹਿਲਦਾ ਅਤੇ ਇੱਕ-ਦੂਜੇ ਨਾਲ ਕਵਾਲਟੀ ਸਮਾਂ ਬਿਤਾਉਂਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਬਹੁਤ ਹੀ ਪਿਆਰਾ ਜਿਹਾ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਸ਼ਹਿਰ ਦੀ ਖੂਬਸੂਰਤੀ ਨੂੰ ਦਿਖਾਇਆ।
ਰਾਜਨੀਤੀ ਤੋਂ ਦੂਰੀ ਬਣਾ ਛੋਟੇ ਪਰਦੇ ‘ਤੇ ਵਾਪਸੀ
ਨਵਜੋਤ ਸਿੰਘ ਸਿੱਧੂ ਨੇ ਰਾਜਨੀਤੀ ਤੋਂ ਦੂਰੀ ਬਣਾਉਣ ਤੋਂ ਬਾਅਦ ਹੁਣ ਪੂਰੀ ਤਰ੍ਹਾਂ ਪਰਿਵਾਰਕ ਜੀਵਨ ਅਤੇ ਟੀਵੀ ਸ਼ੋਅਜ਼ ‘ਤੇ ਧਿਆਨ ਕੇਂਦਰਿਤ ਕਰ ਲਿਆ ਹੈ। 2022 ਦੇ ਚੋਣਾਂ ਵਿੱਚ ਹਾਰ ਤੋਂ ਬਾਅਦ ਸਿੱਧੂ ਕੁਝ ਸਮੇਂ ਲਈ ਸਰਗਰਮ ਰਹੇ, ਪਰ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਪ੍ਰਧਾਨ ਬਣਨ ਤੋਂ ਬਾਅਦ ਉਹ ਹੌਲੀ-ਹੌਲੀ ਰਾਜਨੀਤੀ ਤੋਂ ਦੂਰ ਹੋ ਗਏ।
ਇਹੀ ਨਹੀਂ, 2024 ਵਿੱਚ ਹੋਈ ਲੋਕ ਸਭਾ ਚੋਣਾਂ ਅਤੇ ਪੰਜਾਬ ਦੀਆਂ ਹੋਰ ਵਿਧਾਨ ਸਭਾ ਉਪ-ਚੋਣਾਂ ਵਿੱਚ ਵੀ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਲਈ ਪ੍ਰਚਾਰ ਨਹੀਂ ਕੀਤਾ।
ਪਿਛਲੇ ਸਾਲ ਕਾਮੈਂਟਰੀ ਨਾਲ ਛੋਟੇ ਪਰਦੇ ‘ਤੇ ਐਂਟਰੀ
ਨਵਜੋਤ ਸਿੰਘ ਸਿੱਧੂ 6 ਸਾਲਾਂ ਤੱਕ ਛੋਟੇ ਪਰਦੇ ਤੋਂ ਦੂਰ ਰਹੇ। ਪੰਜਾਬ ਸਰਕਾਰ ‘ਚ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੇ ਵਿਰੋਧੀਆਂ ਨੇ ਉਨ੍ਹਾਂ ਦੇ ਕਪਿਲ ਸ਼ਰਮਾ ਸ਼ੋਅ ਵਿੱਚ ਕੰਮ ਕਰਨ ‘ਤੇ ਸਵਾਲ ਉਠਾਏ। ਇਸੇ ਦੌਰਾਨ ਇਮਰਾਨ ਖਾਨ ਦੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ਅਤੇ ਸਿੱਧੂ ਵੱਲੋਂ ਉਨ੍ਹਾਂ ਦੇ ਸਹੁੰ ਚੁੱਕ ਸਮਾਰੋਹ ‘ਚ ਤਤਕਾਲੀਨ ਫੌਜੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਗਲੇ ਲਗਾਉਣ ‘ਤੇ ਵਿਵਾਦ ਖੜ੍ਹਾ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਕਪਿਲ ਸ਼ਰਮਾ ਸ਼ੋਅ ਸਮੇਤ ਛੋਟੇ ਪਰਦੇ ਤੋਂ ਦੂਰੀ ਬਣਾਉਣੀ ਪਈ ਸੀ।
ਜਾਣੋ ਕਿਉਂ ਸਿੱਧੂ ਨੇ ਚੁਣਿਆ ਇੰਗਲੈਂਡ ਦਾ ਇਹ ਛੋਟਾ ਜਿਹਾ ਪਿੰਡ ਕੋਟਸਵਾਲਡਸ
ਕੋਟਸਵਾਲਡਸ ਇੰਗਲੈਂਡ ਦਾ ਇੱਕ ਸੁੰਦਰ ਪਿੰਡ ਹੈ, ਜੋ ਆਪਣੀਆਂ ਹਰੀ-ਭਰੀਆਂ ਟਿੱਬੀਆਂ, ਪੱਥਰਾਂ ਨਾਲ ਬਣੇ ਪਰੰਪਰਾਗਤ ਘਰਾਂ ਅਤੇ ਸ਼ਾਂਤ ਮਾਹੌਲ ਲਈ ਮਸ਼ਹੂਰ ਹੈ। ਇਹ ਪਿੰਡ ਮੁੱਖ ਤੌਰ ‘ਤੇ ਗਲਾਊਸੇਸਟਰਸ਼ਾਇਰ, ਆਕਸਫੋਰਡਸ਼ਾਇਰ, ਵਿਲਟਸ਼ਾਇਰ, ਸੋਮਰਸੈੱਟ, ਵਾਰਵਿਕਸ਼ਾਇਰ ਅਤੇ ਵੌਰਸੇਸਟਰਸ਼ਾਇਰ ਕਾਊਂਟੀਆਂ ‘ਚ ਫੈਲਿਆ ਹੋਇਆ ਹੈ।
ਕੋਟਸਵਾਲਡਸ ਦੀ ਸਭ ਤੋਂ ਵੱਡੀ ਪਛਾਣ ਇਸਦੇ ਹਨੀ ਰੰਗ ਵਾਲੇ ਪੱਥਰਾਂ ਨਾਲ ਬਣੇ ਘਰ ਹਨ, ਜੋ ਇਸਨੂੰ ਆਕਰਸ਼ਕ ਅਤੇ ਇਤਿਹਾਸਕ ਰੂਪ ਦਿੰਦੇ ਹਨ। ਇੱਥੇ ਦੇ ਪਿੰਡ ਜਿਵੇਂ ਕਿ ਬੋਰਟਨ-ਆਨ-ਦ-ਵਾਟਰ, ਸਟੋ-ਆਨ-ਦ-ਵਾਲਡ, ਬਿਬਰੀ ਅਤੇ ਚਿਪਿੰਗ ਕੈਂਪਡਨ ਸੈਲਾਨੀਆਂ ਵਿਚ ਖਾਸੇ ਲੋਕਪ੍ਰਿਯ ਹਨ। ਇਹ ਇਲਾਕਾ ਸਿਰਫ਼ ਕੁਦਰਤੀ ਸੁੰਦਰਤਾ ਲਈ ਹੀ ਨਹੀਂ, ਸਗੋਂ ਇੱਥੇ ਦੀਆਂ ਲੋਕਲ ਮਾਰਕੀਟਾਂ, ਪੁਰਾਣੀਆਂ ਚਰਚਾਂ, ਕਿਲ੍ਹੇ, ਬਾਗ਼ ਅਤੇ ਪਬ ਵੀ ਲੋਕਾਂ ਨੂੰ ਖਿੱਚਦੇ ਹਨ।