ਪਟਿਆਲਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਪਟਿਆਲਾ (Patiala) ਜੇਲ੍ਹ ਵਿੱਚ ਕਲਰਕ ਬਣ ਗਏ ਹਨ। ਪਟਿਆਲਾ ਕੇਂਦਰੀ ਜੇਲ੍ਹ ਵੱਲੋਂ ਜਾਰੀ ਬਿਆਨ ਅਨੁਸਾਰ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਕਲੈਰੀਕਲ ਦਾ ਕੰਮ ਸੌਂਪਿਆ ਗਿਆ ਹੈ। ਸਿੱਧੂ ਦੀ ਡਿਊਟੀ ਜੇਲ੍ਹ ਦਫ਼ਤਰ ਦੇ ਕੰਮ ਵਿੱਚ ਲਗਾ ਦਿੱਤੀ ਗਈ ਹੈ। ਨਵਜੋਤ ਸਿੱਧੂ ਨੂੰ 34 ਸਾਲ ਪੁਰਾਣੇ ਰੋਡ ਰੇਜ ਕੇਸ ਵਿੱਚ ਇੱਕ ਸਾਲ ਦੀ ਸਜ਼ਾ ਹੋਈ ਹੈ।
ਨਵਜੋਤ ਸਿੱਧੂ ਦੀ ਡਿਊਟੀ ਮੰਗਲਵਾਰ ਤੋਂ ਹੀ ਸ਼ੁਰੂ ਹੋ ਚੁੱਕੀ ਹੈ। ਪਟਿਆਲਾ ਕੇਂਦਰੀ ਜੇਲ੍ਹ ਵੱਲੋਂ ਜਾਰੀ ਬਿਆਨ ਅਨੁਸਾਰ ਨਵਜੋਤ ਸਿੱਧੂ ਨੂੰ ਦੋ ਸ਼ਿਫਟਾਂ ਵਿੱਚ ਆਪਣਾ ਕੰਮ ਕਰਨਾ ਪਵੇਗਾ। ਨਵਜੋਤ ਸਿੰਘ ਸਿੱਧੂ ਦੀ ਪਹਿਲੀ ਸ਼ਿਫਟ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗੀ। ਇਸ ਦੇ ਨਾਲ ਹੀ ਲੰਚ ਬ੍ਰੇਕ ਤੋਂ ਬਾਅਦ ਨਵਜੋਤ ਸਿੱਧੂ ਨੂੰ ਦੁਪਹਿਰ 3 ਤੋਂ 5 ਵਜੇ ਤੱਕ ਕੰਮ ਕਰਨਾ ਹੋਵੇਗਾ। ਨਵਜੋਤ ਸਿੱਧੂ ਨੂੰ ਦਿਨ ਵਿੱਚ ਪੰਜ ਘੰਟੇ ਬਤੌਰ ਮੁਨਸ਼ੀ ਕੰਮ ਕਰਨਾ ਪਵੇਗਾ।
ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਨੂੰ 1988 ਦੇ ਰੋਡ ਰੇਜ ਕੇਸ ਵਿੱਚ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਹੈ। ਨਵਜੋਤ ਸਿੰਘ ਸਿੱਧੂ ਇਹ ਸਜ਼ਾ ਪੂਰੀ ਕਰਨ ਲਈ ਪਟਿਆਲਾ ਜੇਲ੍ਹ ਵਿੱਚ ਬੰਦ ਹਨ। ਨਵਜੋਤ ਸਿੱਧੂ ਨੂੰ ਮੁਨਸ਼ੀ ਦਾ ਕੰਮ ਸੰਭਾਲਦੇ ਹੋਏ ਤਿੰਨ ਮਹੀਨੇ ਟਰੇਨਿੰਗ 'ਤੇ ਰਹਿਣਾ ਪਵੇਗਾ। ਇਸ ਤੋਂ ਬਾਅਦ ਨਵਜੋਤ ਸਿੱਧੂ ਨੂੰ ਉਨ੍ਹਾਂ ਦੇ ਕੰਮ ਲਈ ਪੈਸੇ ਦਿੱਤੇ ਜਾਣਗੇ।
ਸਿੱਧੂ ਨੂੰ ਮਿਲ ਰਹੀ ਸਪੈਸ਼ਲ ਡਾਇਟ
ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਨੂੰ ਮੈਡੀਕਲ ਆਧਾਰ 'ਤੇ ਵੀ ਰਾਹਤ ਮਿਲੀ ਹੈ। ਨਵਜੋਤ ਸਿੰਘ ਸਿੱਧੂ ਨੇ ਸਿਹਤ ਕਾਰਨਾਂ ਕਰਕੇ ਜੇਲ੍ਹ ਵਿੱਚ ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ ਸੀ। ਮੈਡੀਕਲ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਨਵਜੋਤ ਸਿੱਧੂ ਦੇ ਲਈ ਪਟਿਆਲਾ ਜੇਲ੍ਹ ਵਿੱਚ ਵਿਸ਼ੇਸ਼ ਖੁਰਾਕ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਰਿਸ਼ਤੇਦਾਰਾਂ ਨੇ ਜੇਲ੍ਹ ਵਿੱਚ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ ਪਰ ਪਟਿਆਲਾ ਜੇਲ੍ਹ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ।