ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਖੇਤੀ ਕਾਨੂੰਨਾਂ ਨੂੰ ਲੈ ਕੇ ਕਾਫੀ ਸਰਗਰਮ ਹੋ ਗਏ ਹਨ। ਕੈਪਟਨ ਨਾਲ ਨਰਾਜ਼ਗੀ ਕਰਕੇ ਕਾਫੀ ਸਮੇਂ ਤੋਂ ਸਿਆਸੀ ਸਰਗਰਮੀਆਂ ਤੋਂ ਲਾਂਭੇ ਚੱਲ ਰਹੇ ਨਵਜੋਤ ਸਿੱਧੂ ਖੇਤੀ ਕਾਨੂੰਨਾਂ ਨਾਲ ਸਬੰਧਤ ਕਾਂਗਰਸ ਦੇ ਹਰ ਐਕਸ਼ਨ ਵਿੱਚ ਪਹੁੰਚ ਰਹੇ ਹਨ। ਅੱਜ ਉਨ੍ਹਾਂ ਨੇ ਖੁਦ ਅੰਮ੍ਰਿਤਸਰ ਵਿੱਚ ਰੈਲੀ ਕੀਤੀ। ਇਸ ਮੌਕੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਉਨ੍ਹਾਂ ਨੇ ਖੂਬ ਹਮਲੇ ਕੀਤੇ।

ਨਵਜੋਤ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਸੁਧਾਰ ਕਾਨੂੰਨ ਲਾਗੂ ਕਰਕੇ ਪੰਜਾਬ ਨੂੰ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਔਕੜ ’ਚੋਂ ਕੱਢਣ ਦਾ ਹੱਲ ਪੰਜਾਬ ਸਰਕਾਰ ਕੋਲ ਹੈ। ਪੰਜਾਬ ਆਪਣੇ ਸੰਵਿਧਾਨਕ ਅਧਿਕਾਰ ਦੀ ਵਰਤੋਂ ਕਰ ਸਕਦਾ ਹੈ। ਖੇਤੀ ਕਾਨੂੰਨ ਨੂੰ ਲੈ ਕੇ ਇੱਕ ਪਾਸੇ ਜਿੱਥੇ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਉੱਤੇ ਸਿਆਸੀ ਹਮਲਾ ਕੀਤਾ, ਉੱਥੇ ਦੂਜੇ ਪਾਸੇ ਆਪਣੀ ਹੀ ਸਰਕਾਰ ਉੱਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਗਏ।

ਸ਼ੁੱਕਰਵਾਰ ਨੂੰ ਬੱਲਾ ਸਬਜ਼ੀ ਮੰਡੀ ’ਚ ਫਲ ਤੇ ਸਬਜ਼ੀ ਯੂਨੀਅਨ ਵੱਲੋਂ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਬਾਬਾ ਨਾਨਕ ਨੇ ਹਲ ਚਲਾਉਣ ਦਾ ਸੰਦੇਸ਼ ਦਿੱਤਾ ਸੀ ਤੇ ਕੁਝ ਲੋਕ ਕਿਸਾਨਾਂ ਵਿਰੁੱਧ ਸਾਜ਼ਿਸ਼ ਰਚ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਆਉਣ ’ਤੇ ਹੀ ਹਾਲਾਤ ਕਿਉਂ ਖ਼ਰਾਬ ਹੋਣ ਲੱਗ ਪੈਂਦੇ ਹਨ। ਉਨ੍ਹਾਂ ਕਿਸਾਨਾਂ ਤੇ ਹੋਰਨਾਂ ਨੂੰ ਚੌਕਸ ਕਰਦਿਆਂ ਕਿਹਾ ਕਿ ਕੁਝ ਲੋਕ ਆਪਣੀ ਨਾਕਾਮੀ ਲੁਕਾਉਣ ਲਈ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ ਤੇ ਪੰਜਾਬੀਆਂ ਨੂੰ ਤੋੜਨ ਦੇ ਜਤਨ ਵੀ ਕਰ ਰਹੇ ਹਨ।

ਨਵਜੋਤ ਸਿੱਧੂ ਨੇ ਕਿਹਾ ਕਿ ਕੇਂਦਰ ਦਾ ਏਜੰਡਾ ਸਾਫ਼ ਹੈ, ਪਹਿਲਾਂ ਖੇਤੀ ਸੁਧਾਰ ਕਾਨੂੰਨ ਤੇ ਹੁਣ ਪਰਾਲੀ ਸਾੜਨ ਉੱਤੇ ਮੋਟਾ ਜੁਰਮਾਨਾ, ਜਦਕਿ ਕੁਝ ਵੱਡੇ ਘਰਾਣਿਆਂ ਨੂੰ 5,00,000 ਕਰੋੜ ਰੁਪਏ ਤੱਕ ਦੇ ਟੈਕਸ ਵੀ ਸਰਕਾਰ ਛੱਡ ਦਿੰਦੀ ਹੈ। ਲੱਗਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਤੋਂ ਬਦਲਾ ਲੈਣ ਲਈ ਇਹ ਸਭ ਕਰ ਰਹੀ ਹੈ ਪਰ ਕਿਸਾਨਾਂ ਦਾ ਗੁੱਸਾ ਕੇਂਦਰ ਸਰਕਾਰ ਨੂੰ ਪਲਟ ਦੇਵੇਗਾ।

ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਕਾਨੂੰਨ ਸਿਰਫ਼ ਕੁਝ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਲਈ ਲਿਆਈ ਹੈ। ਦੇਸ਼ ਦਾ ਅਨਾਜ ਭੰਡਾਰ ਭਰਨ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਇਹ ਕਾਨੂੰਨ ਖੋਖਲਾ ਕਰ ਦੇਵੇਗਾ। ਨਵਜੋਤ ਸਿੰਘ ਸਿੱਧੂ ਨੇ ਰੈਲੀ ਲਈ ਸਵੇਰੇ 9:45 ਵਜੇ ਪੁੱਜਣਾ ਸੀ ਪਰ ਉਹ 11:40 ਵਜੇ ਮੰਡੀ ਪੁੱਜੇ। ਸਿੱਧੂ ਦੀ ਰੈਲੀ ਵਿੱਚ ਮੰਡੀ ਦੇ ਕਾਰੋਬਾਰੀ ਤੇ ਕਿਸਾਨਾਂ ਤੋਂ ਇਲਾਵਾ ਆਲੇ-ਦੁਆਲੇ ਦੇ ਪਿੰਡਾਂ ਦੇ ਪੰਚ ਤੇ ਸਰਪੰਚ ਵੱਡੀ ਗਿਣਤੀ ’ਚ ਆਪਣੇ ਸਮਰਥਕਾਂ ਨਾਲ ਪੁੱਜੇ ਹੋਏ ਸਨ।