ਪੰਜਾਬ ਦੀ ਸਰਕਾਰੀ ਸਿੱਖਿਆ ਪ੍ਰਣਾਲੀ ਨੂੰ ਵੱਡੀ ਸਫਲਤਾ ਮਿਲੀ ਹੈ। ਸੂਬੇ ਦੇ ਸਰਕਾਰੀ ਸਕੂਲਾਂ ਦੇ  882 ਵਿਦਿਆਰਥੀਆਂ ਨੇ NEET-UG 2026 ਪ੍ਰੀਖਿਆ ਪਾਸ ਕਰਕੇ ਸਰਕਾਰੀ ਸਕੂਲਾਂ ਦੀ ਬਦਲਦੀ ਤਸਵੀਰ ਨੂੰ ਹੋਰ ਮਜ਼ਬੂਤ ਕੀਤਾ ਹੈ। ਇਸ ਸਾਲ NEET ਪੇਪਰ ਲੀਕ ਹੋਣ ਕਾਰਨ ਪਹਿਲੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਦੇਸ਼ ਭਰ ਵਿੱਚ ਮੁੜ ਪ੍ਰੀਖਿਆ ਕਰਵਾਈ ਗਈ ਅਤੇ ਹੁਣ ਨਤੀਜੇ ਜਾਰੀ ਕੀਤੇ ਗਏ ਹਨ।

Continues below advertisement

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ NEET ਪਾਸ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਮਿਆਰੀ ਸਿੱਖਿਆ, ਸਹੀ ਮਾਰਗਦਰਸ਼ਨ ਅਤੇ ਸਖ਼ਤ ਮਿਹਨਤ ਨਾਲ ਹਰ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਮੁਤਾਬਕ 882 ਵਿਦਿਆਰਥੀਆਂ ਦੀ ਸਫਲਤਾ ਸੂਬੇ ਵਿੱਚ ਚੱਲ ਰਹੀ "ਸਿੱਖਿਆ ਕ੍ਰਾਂਤੀ" ਅਤੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ।

2024 ਦੇ ਮੁਕਾਬਲੇ 100 ਫੀਸਦੀ ਤੋਂ ਵੱਧ ਵਾਧਾ

Continues below advertisement

ਸਿੱਖਿਆ ਮੰਤਰੀ ਨੇ ਦੱਸਿਆ ਕਿ 2024 ਵਿੱਚ ਸਰਕਾਰੀ ਸਕੂਲਾਂ ਦੇ 437 ਵਿਦਿਆਰਥੀਆਂ ਨੇ NEET ਪ੍ਰੀਖਿਆ ਪਾਸ ਕੀਤੀ ਸੀ। 2025 ਵਿੱਚ ਇਹ ਗਿਣਤੀ ਵੱਧ ਕੇ 847 ਹੋ ਗਈ, ਜਦਕਿ ਇਸ ਸਾਲ 882 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਇਹ 2024 ਦੇ ਮੁਕਾਬਲੇ 100 ਫੀਸਦੀ ਤੋਂ ਵੱਧ ਵਾਧਾ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪੇਪਰ ਲੀਕ ਅਤੇ ਮੁੜ ਪ੍ਰੀਖਿਆ ਵਰਗੀਆਂ ਚੁਣੌਤੀਆਂ ਦੇ ਬਾਵਜੂਦ ਇਹ ਸਫਲਤਾ ਹਾਸਲ ਕਰਨਾ ਵਿਦਿਆਰਥੀਆਂ ਦੀ ਮਿਹਨਤ ਅਤੇ ਸਰਕਾਰੀ ਸਕੂਲਾਂ ਦੀ ਗੁਣਵੱਤਾ ਨੂੰ ਦਰਸਾਉਂਦਾ ਹੈ।

ਉਨ੍ਹਾਂ ਕਿਹਾ ਕਿ ਸਿੱਖਿਆ ਹੀ ਗਰੀਬੀ ਨੂੰ ਦੂਰ ਕਰਨ ਅਤੇ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇਣ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ। ਸਰਕਾਰ ਹਰ ਵਿਦਿਆਰਥੀ ਨੂੰ ਬਿਹਤਰ ਸਿੱਖਿਆ ਅਤੇ ਲੋੜੀਂਦਾ ਸਹਿਯੋਗ ਦੇਣ ਲਈ ਵਚਨਬੱਧ ਹੈ।

ਲੁਧਿਆਣਾ ਦੇ ਪ੍ਰਤੀਕ ਕੁਮਾਰ ਦੀ ਸਫਲਤਾ ਬਣੀ ਮਿਸਾਲ

ਇਸ ਸਾਲ NEET ਪਾਸ ਕਰਨ ਵਾਲਿਆਂ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਸੇਖੇਵਾਲ ਸਥਿਤ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀ ਪ੍ਰਤੀਕ ਕੁਮਾਰ ਦੀ ਕਾਮਯਾਬੀ ਖਾਸ ਤੌਰ 'ਤੇ ਚਰਚਾ ਵਿੱਚ ਹੈ। ਇੱਕ ਨਿੱਜੀ ਸਕੂਲ ਦੇ ਅਧਿਆਪਕ ਦੇ ਪੁੱਤਰ ਪ੍ਰਤੀਕ ਦੇ ਪਿਤਾ ਦੀ ਮਹੀਨਾਵਾਰ ਆਮਦਨ ਕਰੀਬ 16 ਹਜ਼ਾਰ ਰੁਪਏ ਹੈ। ਇਸ ਦੇ ਬਾਵਜੂਦ ਪ੍ਰਤੀਕ ਨੇ  NEET-UG 2026 ਵਿੱਚ 720 ਵਿੱਚੋਂ 594 ਅੰਕ ਹਾਸਲ ਕਰਦੇ ਹੋਏ 99.3 ਫੀਸਦੀ ਪਰਸੈਂਟਾਈਲ ਪ੍ਰਾਪਤ ਕੀਤੀ। ਪ੍ਤੀਕ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ  PACE  ਪ੍ਰੋਗਰਾਮ ਅਧੀਨ ਮਿਲੀਆਂ ਮੁਫ਼ਤ ਆਨਲਾਈਨ ਕਲਾਸਾਂ ਅਤੇ ਮੌਕ ਟੈਸਟਾਂ ਦੀ ਮਦਦ ਨਾਲ ਪ੍ਰੀਖਿਆ ਦੀ ਤਿਆਰੀ ਕੀਤੀ। ਉਸ ਦਾ ਸੁਪਨਾ ਭਵਿੱਖ ਵਿੱਚ ਓਨਕੋਲੋਜਿਸਟ ਬਣ ਕੇ ਕੈਂਸਰ ਦੇ ਮਰੀਜ਼ਾਂ ਦੀ ਸੇਵਾ ਕਰਨਾ ਹੈ।  

 "ਸਿੱਖਿਆ ਨੇ ਸਾਡੀ ਜ਼ਿੰਦਗੀ ਬਦਲ ਦਿੱਤੀ"

ਪ੍ਰਤੀਕ ਦੇ ਪਿਤਾ ਨੇ ਕਿਹਾ ਕਿ ਉਹ ਹਮੇਸ਼ਾ ਮੰਨਦੇ ਸਨ ਕਿ ਸਿੱਖਿਆ ਹੀ ਉਨ੍ਹਾਂ ਦੇ ਪਰਿਵਾਰ ਦੀ ਕਿਸਮਤ ਬਦਲ ਸਕਦੀ ਹੈ। ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਮੁਫ਼ਤ ਕੋਚਿੰਗ ਅਤੇ ਮੌਕ ਟੈਸਟਾਂ ਨੇ ਪ੍ਰਤੀਕ ਨੂੰ ਸਹੀ ਦਿਸ਼ਾ ਦਿੱਤੀ ਅਤੇ ਅੱਜ ਉਸ ਦੀ ਸਫਲਤਾ ਪਰਿਵਾਰ ਲਈ ਸਭ ਤੋਂ ਮਾਣ ਵਾਲਾ ਪਲ ਹੈ।

ਸਿੱਖਿਆ ਸੁਧਾਰਾਂ ਦਾ ਦਿਖਿਆ ਅਸ

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਇਹ ਸਫਲਤਾ ਪੰਜਾਬ ਵਿੱਚ ਹੋ ਰਹੇ ਸਿੱਖਿਆ ਸੁਧਾਰਾਂ ਨੂੰ ਵੀ ਦਰਸਾਉਂਦੀ ਹੈ। ਨੀਤੀ ਆਯੋਗ ਦੀ ਸਿੱਖਿਆ ਗੁਣਵੱਤਾ ਰਿਪੋਰਟ 2026 ਵਿੱਚ ਪੰਜਾਬ ਨੇ ਸਕੂਲ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੇਰਲਾ ਅਤੇ ਦਿੱਲੀ ਵਰਗੇ ਸੂਬਿਆਂ ਨੂੰ ਪਿੱਛੇ ਛੱਡਿਆ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵਿਦਿਆਰਥੀਆਂ ਨੂੰ ਕਰੀਅਰ ਸਲਾਹ, ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਅਤੇ ਵਿਸ਼ਵ ਪੱਧਰੀ ਸਿੱਖਿਆ ਦੇ ਮੌਕੇ ਪ੍ਰਦਾਨ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ, ਤਾਂ ਜੋ ਹਰ ਬੱਚਾ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕੇ।