ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਵਿੱਚ ਮੁੜ ਧਮਾਕਾ ਹੋਣ ਦੇ ਆਸਾਰ ਹਨ। ਪਾਰਟੀ ਦੇ ਇੱਕ ਧੜੇ ਨੇ ਵਿਧਾਇਕ ਅਮਨ ਅਰੋੜਾ ਖਿਲਾਫ ਝੰਡਾ ਚੁੱਕਿਆ ਹੋਇਆ ਹੈ। ਇਸ ਧੜੇ ਦੇ ਲੀਡਰ ਸਾਬਕਾ ਆਈਏਐਸ ਅਧਿਕਾਰੀ ਤੇ ਅਨੁਸਾਸ਼ਨ ਕਮੇਟੀ ਦੇ ਚੇਅਰਮੈਨ ਜਸਬੀਰ ਸਿੰਘ ਬੀਰ ਦਾ ਕਹਿਣਾ ਹੈ ਕਿ ਇਸ ਬਾਰੇ ਉਹ ਪਾਰਟੀ ਪ੍ਰਧਾਨ ਭਗਵੰਤ ਮਾਨ ਦੇ ਸੰਪਰਕ ਵਿੱਚ ਹਨ। ਦੂਜੇ ਪਾਸੇ ਪਾਰਟੀ ਵਿਧਾਇਕਾਂ ਨੇ ਦਾਅਵਾ ਕੀਤਾ ਹੈ ਕਿ ਜਸਬੀਰ ਸਿੰਘ ਬੀਰ ਕਿਸੇ ਅਨੁਸਾਸ਼ਨ ਕਮੇਟੀ ਦੇ ਚੇਅਰਮੈਨ ਨਹੀਂ ਤੇ ਨਾ ਹੀ ਉਨ੍ਹਾਂ ਨੇ ਪਾਰਟੀ ਪ੍ਰਧਾਨ ਨਾਲ ਕੋਈ ਗੱਲ ਕੀਤੀ ਹੈ।

ਹੁਣ ਵਿਧਾਇਕ ਅਮਨ ਅਰੋੜਾ ਨੇ ਪਾਰਟੀ ਪ੍ਰਧਾਨ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਆਪਣੇ ਆਪ ਨੂੰ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦਾ ਮੈਂਬਰ ਕਹਿਣ ਵਾਲੇ ਸਾਬਕਾ ਆਈਏਐਸ ਅਧਿਕਾਰੀ ਜਸਬੀਰ ਸਿੰਘ ਬੀਰ ਵੱਲੋਂ ਨਿੱਤ ਦਿਨ ਉਨ੍ਹਾਂ ਵਿਰੁੱਧ ਕੀਤੇ ਜਾ ਰਹੇ ਭੰਡੀ-ਪ੍ਰਚਾਰ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਅਜਿਹੇ ਵਿੱਚ ਮੁੜ ਟਕਰਾਅ ਦੇ ਆਸਾਰ ਬਣ ਗਏ ਹਨ ਕਿਉਂਕਿ ਬੀਰ ਅਰੋੜਾ ਖਿਲਾਫ ਕਾਰਵਾਈ ਕਰਨ ਦੀ ਗੱਲ਼ ਕਰ ਰਹੇ ਸੀ ਪਰ ਹੁਣ ਕੁਝ ਉਲਟਾ ਹੀ ਹੁੰਦਾ ਨਜ਼ਰ ਆ ਰਿਹਾ ਹੈ।

ਕਾਬਲੇਗੌਰ ਹੈ ਕਿ ਬੀਰ ਨੇ ਬੀਤੇ ਦਿਨ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਦਿੱਲੀ ਸਰਕਾਰ ਦੇ ਉਪ ਮੁੱਖ ਮੰਤਰੀ ਤੇ ਪੰਜਾਬ ਇਕਾਈ ਦੇ ਇੰਚਾਰਜ ਮਨੀਸ਼ ਸਿਸੋਦੀਆ ਦੀ ਸਹਿਮਤੀ ਨਾਲ ਅਰੋੜਾ ਨੂੰ ਪਾਰਟੀ ਦੇ ਆਗੂਆਂ ਵਿਰੁੱਧ ਬਿਆਨਬਾਜ਼ੀ ਕਰਨ ਖ਼ਿਲਾਫ਼ ਤਾੜਨਾ ਕੀਤੀ ਹੈ। ਅਰੋੜਾ ਨੇ ਭਗਵੰਤ ਮਾਨ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਉਹ ਬੀਤੇ ਦਿਨ ਜਦੋਂ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਵੱਲੋਂ ‘ਆਪ’ ਉੱਪਰ ਕਾਂਗਰਸ ਪਾਰਟੀ ਨਾਲ ਸਾਂਝ ਹੋਣ ਦੇ ਲਾਏ ਝੂਠੇ ਦੋਸ਼ਾਂ ਦਾ ਪ੍ਰੈੱਸ ਕਾਨਫਰੰਸ ਕਰਕੇ ਜਵਾਬ ਦੇ ਰਹੇ ਸਨ ਤਾਂ ਆਪਣੇ ਆਪ ਨੂੰ ‘ਆਪ’ ਦੀ ਅਨੁਸ਼ਾਸਨੀ ਕਮੇਟੀ ਦਾ ਮੈਂਬਰ ਕਹਿਣ ਵਾਲੇ ਜਸਬੀਰ ਸਿੰਘ ਬੀਰ ਨੇ ਸਿਸੋਦੀਆ ਦੇ ਹਵਾਲੇ ਨਾਲ ਉਨ੍ਹਾਂ ਨੂੰ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਦੇ ਦੋਸ਼ਾਂ ਹੇਠ ਵਰਜੇ ਜਾਣ ਦੀਆਂ ਖ਼ਬਰਾਂ ਜਾਰੀ ਕੀਤੀਆਂ ਹਨ।

ਅਮਨ ਅਰੋੜਾ ਨੇ ਲਿਖਿਆ ਕਿ ਬੀਰ ਨੇ ਦਾਅਵੇ ਕੀਤੇ ਹਨ ਕਿ ਸਿਸੋਦੀਆ ਨੇ ਵੀ ਉਸ (ਅਰੋੜਾ) ਨੂੰ ਪਹਿਲਾਂ ਫਟਕਾਰਾਂ ਪਾਈਆਂ ਹਨ ਤੇ ਤਾੜਿਆ ਹੈ। ਅਰੋੜਾ ਨੇ ਕਿਹਾ ਕਿ ਪਿਛਲੇ ਤਕਰੀਬਨ ਢਾਈ ਮਹੀਨੇ ਤੋਂ ਉਨ੍ਹਾਂ ਦੀ ਸਿਸੋਦੀਆ ਨਾਲ ਨਾ ਤਾਂ ਮੁਲਾਕਾਤ ਹੋਈ ਹੈ ਤੇ ਨਾ ਹੀ ਕਿਸੇ ਹੋਰ ਤਰ੍ਹਾਂ ਸੰਪਰਕ ਹੋਇਆ ਹੈ। ਉਨ੍ਹਾਂ ਨੇ ਭਗਵੰਤ ਮਾਨ ਨੂੰ ਲਿਖਿਆ ਹੈ ਕਿ ਉਨ੍ਹਾਂ ਵੱਲੋਂ ਇਮਾਨਦਾਰੀ ਤੇ ਸਮਰਪਣ ਭਾਵਨਾ ਨਾਲ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦੇ ਬਾਵਜੂਦ ਝੂਠੀਆਂ ਤੇ ਬੇਬੁਨਿਆਦ ਖ਼ਬਰਾਂ ਪੜ੍ਹ-ਸੁਣ ਕੇ ਮਨ ਨੂੰ ਠੇਸ ਪੁੱਜੀ ਹੈ। ਉਨ੍ਹਾਂ ਮਾਨ ਨੂੰ ਅਪੀਲ ਕੀਤੀ ਕਿ ਸਿਸੋਦੀਆ ਦਾ ਨਾਮ ਵਰਤ ਕੇ ਉਨ੍ਹਾਂ ਪ੍ਰਤੀ ਗ਼ਲਤ ਭੰਡੀ-ਪ੍ਰਚਾਰ ਕਰ ਕੇ ਪਾਰਟੀ ਦਾ ਨੁਕਸਾਨ ਕਰਨ ਦੇ ਮਾਮਲੇ ਦੀ ਜਾਂਚ ਕੀਤੀ ਜਾਵੇ।