Corona Virus Update: ਦੇਸ਼ ਵਿੱਚ ਇੱਕ ਵਾਰ ਫਿਰ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ। ਸ਼ਨੀਵਾਰ ਸ਼ਾਮ ਦੀ ਰਿਪੋਰਟ ਅਨੁਸਾਰ, ਇਹ ਅੰਕੜਾ 3 ਹਜ਼ਾਰ ਨੂੰ ਪਾਰ ਕਰ ਗਿਆ ਹੈ। ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 3,000 ਤੋਂ ਵੱਧ ਹੋ ਗਈ ਹੈ। ਅੰਕੜਿਆਂ ਅਨੁਸਾਰ, ਕੇਰਲ ਵਿੱਚ ਸਭ ਤੋਂ ਵੱਧ 1,336 ਸੰਕਰਮਿਤ ਲੋਕ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਤੇ ਫਿਰ ਰਾਜਧਾਨੀ ਦਿੱਲੀ ਦਾ ਨੰਬਰ ਆਉਂਦਾ ਹੈ। ਮੰਤਰਾਲੇ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੁੱਲ ਚਾਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਦਿੱਲੀ, ਕੇਰਲ, ਕਰਨਾਟਕ ਅਤੇ ਉੱਤਰ ਪ੍ਰਦੇਸ਼ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ।
ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਜ਼ਿਲ੍ਹੇ ਵਿਚ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ। ਸ਼ਨਿੱਚਰਵਾਰ ਨੂੰ ਖੰਨਾ ਨਿਵਾਸੀ ਤਿੰਨ ਸਾਲ ਦੇ ਬੱਚੇ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਨੇ ਬੱਚੇ ਨੂੰ ਘਰ ’ਚ ਵੱਖਰਾ ਰੱਖਣ ਦੀ ਹਦਾਇਤ ਕੀਤੀ ਹੈ। ਬੱਚੇ ਨੂੰ ਖੰਘ ਤੇ ਠੰਢ ਲੱਗਣ ਦੀ ਸ਼ਿਕਾਇਤ ਸੀ। ਇਸ ਤੋਂ ਬਾਅਦ ਉਸ ਦੀ ਇਕ ਨਿੱਜੀ ਲੈਬ ਵਿਚ 28 ਮਈ ਦੀ ਸ਼ਾਮ ਨੂੰ ਕੋਰੋਨਾ ਜਾਂਚ ਕਰਵਾਈ ਗਈ, ਜੋ ਸ਼ੁੱਕਰਵਾਰ ਨੂੰ ਪਾਜੇਟਿਵ ਆਈ। ਇਸ ਨਾਲ ਕੋਰੋਨਾ ਦੇ ਮਰੀਜ਼ਾਂ ਦੀ ਸੰਖਿਆ ਪੰਜ ਹੋ ਗਈ ਹੈ। ਦੱਸ ਦਈਏ ਕਿ 28 ਮਈ ਤੋਂ ਹੁਣ ਤੱਕ ਕੋਰੋਨਾ ਦੇ ਪੰਜ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਵਿਚ 39 ਸਾਲ ਦੇ ਕੋਰੋਨਾ ਮਰੀਜ਼ ਤੇ ਹੈਪੇਟਾਈਟਸ ਬੀ ਨਾਲ ਪੀੜਤ ਮਰੀਜ਼ ਦੀ ਮੌਤ ਹੋ ਚੁੱਕੀ ਹੈ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਭਾਰਤ ਵਿੱਚ ਕੋਵਿਡ-19 ਦੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਲਾਗ ਦੀ ਗੰਭੀਰਤਾ ਘੱਟ ਹੈ, ਜ਼ਿਆਦਾਤਰ ਮਰੀਜ਼ਾਂ ਦੀ ਦੇਖਭਾਲ ਘਰ ਵਿੱਚ ਕੀਤੀ ਜਾ ਰਹੀ ਹੈ ਤੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।
ਦੇਸ਼ ਵਿੱਚ ਮਰੀਜ਼ਾਂ ਦੀ ਗਿਣਤੀ 22 ਮਈ ਨੂੰ 257 ਸੀ। 26 ਮਈ ਤੱਕ, ਇਹ ਅੰਕੜਾ 1,010 ਹੋ ਗਿਆ ਅਤੇ ਸ਼ਨੀਵਾਰ ਨੂੰ 3,395 ਤੱਕ ਪਹੁੰਚ ਗਿਆ। ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 685 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਅੰਕੜਿਆਂ ਅਨੁਸਾਰ ਕੇਰਲ ਵਿੱਚ 1,336, ਮਹਾਰਾਸ਼ਟਰ ਵਿੱਚ 467, ਦਿੱਲੀ ਵਿੱਚ 375, ਗੁਜਰਾਤ ਵਿੱਚ 265, ਕਰਨਾਟਕ ਵਿੱਚ 234, ਪੱਛਮੀ ਬੰਗਾਲ ਵਿੱਚ 205, ਤਾਮਿਲਨਾਡੂ ਵਿੱਚ 185 ਅਤੇ ਉੱਤਰ ਪ੍ਰਦੇਸ਼ ਵਿੱਚ 117 ਲੋਕ ਸੰਕਰਮਿਤ ਹਨ।