ਚੰਡੀਗੜ੍ਹ: ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਨਦੇ ਸਾਰ ਹੀ ਐਕਸ਼ਨ ਮੋਡ ਵਿੱਚ ਆ ਗਏ ਹਨ।ਉਨ੍ਹਾਂ ਨੇ ਪਹਿਲੇ ਹੀ ਦਿਨ ਕੈਬਨਿਟ ਦੀ ਮੀਟਿੰਗ ਬੁਲਾ ਲਈ ਅਤੇ ਨਾਲ ਹੀ ਸਰਕਾਰੀ ਕਰਮਚਾਰੀਆਂ ਲਈ ਸਖ਼ਤ ਫਰਮਾਨ ਵੀ ਜਾਰੀ ਕਰ ਦਿੱਤਾ ਹੈ। ਉਨ੍ਹਾਂ ਸਰਕਾਰੀ ਕਰਮਚਾਰੀਆਂ ਦੇ ਦਫ਼ਤਰ ਆਉਣ ਦਾ ਸਮਾਂ 9:00 ਵਜੇ ਕਰ ਦਿੱਤਾ ਹੈ।ਸਵੇਰੇ 9:00 ਵਜੇ ਅਧਿਕਾਰੀਆਂ ਨੂੰ ਆਪਣੀ ਹਾਜ਼ਰੀ ਯਕੀਨੀ ਬਣਾਉਣੀ ਹੋਵੇਗੀ।ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਮੁਲਾਜ਼ਮਾਂ ਦਾ ਸਵੇਰੇ ਸਮੇਂ ਸਿਰ ਆਉਣਾ ਤੇ ਸ਼ਾਮ ਨੁੰ ਡਿਊਟੀ ਪੂਰੀ ਕਰ ਕੇ ਸਮੇਂ ਸਿਰ ਜਾਣਾ ਯਕੀਨੀ ਬਣਾਉਣ ਵਾਸਤੇ ਹੁਕਮ ਜਾਰੀ ਕੀਤੇ ਹਨ।
ਰਾਜ ਦੇ ਪ੍ਰਸੋਨਲ ਵਿਭਾਗ ਵੱਲੋਂ ਸਮੂਹ ਡਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਤੇ ਐਸ. ਡੀ.ਐਮਜ਼. ਨੁੰ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਪੰਜਾਬ ਦੇ ਸਮੂਹ ਕਰਮਚਾਰੀਆਂ ਤੇ ਅਧਿਕਾਰੀਆਂ ਦਾ ਸਵੇਰੇ 9:00 ਵਜੇ ਹਾਜ਼ਰ ਹੋਣਾ ਯਕੀਨੀ ਬਣਾਇਆ ਜਾਵੇ।ਉਨ੍ਹਾਂ ਸਮੂਹ ਪ੍ਰਬੰਧਕੀ ਸਕੱਤਰ ਤੇ ਵਿਭਾਗਾਂ ਦੇ ਮੁਖੀਆਂ ਨੂੰ ਆਪਣੇ ਅਧੀਨ ਕੰਮ ਕਰਦੇ ਕਰਮਚਾਰੀਆਂ ਦੀ ਹਾਜ਼ਰੀ ਹਫਤੇ ਵਿਚ ਘੱਟ ਤੋਂ ਘੱਟ ਦੋ ਵਾਰ ਚੈਕ ਕਰਨ ਲਈ ਵੀ ਕਿਹਾ ਹੈ।