ਚੰਡੀਗੜ੍ਹ: ਕੈਬਨਿਟ ਵਿਸਥਾਰ ਲਈ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਚਾਰ ਦਿਨਾਂ ਵਿੱਚ ਦਿੱਲੀ ਦਾ ਤੀਜਾ ਗੇੜਾ ਹੈ।ਇੰਝ ਲਗਦਾ ਹੈ ਕਿ ਪੰਜਾਬ ਸਰਕਾਰ ਹੁਣ ਡਾਇਰੈਕਟ ਦਿੱਲੀ ਤੋਂ ਚੱਲ ਰਹੀ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਦਾ ਇੱਕ ਪੈਰ ਪੰਜਾਬ ਤੇ ਦੂਜਾ ਦਿੱਲੀ ਹੁੰਦਾ ਹੈ। ਪਿਛਲੇ ਚਾਰ ਦਿਨਾਂ ਅੰਦਰ ਹੀ ਉਹ ਤਿੰਨ ਗੇੜੇ ਦਿੱਲੀ ਦੇ ਲਾ ਚੁੱਕੇ ਹਨ। ਉਹ ਅੱਜ ਸਵੇਰੇ ਦਿੱਲੀ ਤੋਂ ਪੰਜਾਬ ਪਹੁੰਚੇ ਪਰ ਕੁਝ ਘੰਟਿਆਂ ਮਗਰੋਂ ਹੀ ਉਨ੍ਹਾਂ ਨੂੰ ਦਿੱਲੀ ਬੁਲਾ ਲਿਆ ਗਿਆ।


ਸ਼ੁੱਕਰਵਾਰ ਸਵੇਰੇ 2 ਵਜੇ ਤੱਕ ਲੰਮੀ ਤੇ ਡੂੰਘੀ ਚਰਚਾ ਬਾਅਦ CM ਚਰਨਜੀਤ ਸਿੰਘ ਚੰਨੀ ਦਿੱਲੀ ਤੋਂ ਵਾਪਸ ਪਰਤੇ ਸੀ, ਪਰ ਦੁਪਹਿਰ ਢਲਣ ਬਾਅਦ ਮੁੱਖ ਮੰਤਰੀ ਚੰਨੀ ਨੂੰ ਦਿੱਲੀ ਤੋਂ ਫਿਰ ਸੱਦਾ ਆਇਆ, ਨਤੀਜਾ ਚਾਰ ਦਿਨਾਂ ਵਿੱਚ ਸੀਐੱਮ ਦਿੱਲੀ ਦੇ ਤੀਜੇ ਗੇੜੇ ਉੱਪਰ ਚਲੇ ਗਏ, ਅਜਿਹੇ ਵਿੱਚ ਵਿਰੋਧੀ ਤੰਜ਼ ਕਸ ਰਹੇ ਹਨ।


ਪਹਿਲਾਂ ਕੈਬਨਿਟ ਵਿਸਥਾਰ ਦਾ ਐਲਾਨ 23 ਸਤੰਬਰ ਨੂੰ ਕਰਨ ਦੀ ਤਿਆਰੀ ਸੀ ਪਰ ਗੱਲ ਨਾ ਬਣੀ, ਕਿਉਂਕਿ ਛਾਂਟੀ ਤੋਂ ਬਚਣ ਲਈ ਸਾਬਕਾ ਵਜ਼ੀਰ ਦਿੱਲੀ ਡੇਰੇ ਲਾਈ ਬੈਠੇ ਨੇ ਨਾਲ ਹੀ ਮੰਤਰੀ ਬਣਨ ਲਈ ਵੀ ਵਿਧਾਇਕ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਏਨ੍ਹਾਂ ਹਾਲਾਤਾਂ ਵਿੱਚ ਹਾਈਕਮਾਨ ਲਈ ਕੋਈ ਵੀ ਫੈਸਲਾ ਆਸਾਨ ਨਹੀਂ, ਖ਼ਾਸ ਕਰ ਉਦੋਂ ਜਦੋਂ ਵਿਧਾਨ ਸਭਾ ਚੋਣਾਂ ਸਿਰ ਉੱਤੇ ਹਨ।


ਦੂਜੇ ਪਾਸੇ ਵਿਧਾਇਕ ਵੀ ਟਿਕਟਾਂ ਨੂੰ ਧਿਆਨ ਵਿੱਚ ਰੱਖਦਿਆਂ ਹਾਈਕਮਾਨ ਦੀ ਨਰਾਜ਼ਗੀ ਮੁੱਲ ਲੈਣ ਤੋਂ ਬਚਣਾ ਚਾਹੁੰਣਗੇ,  23 ਸਤੰਬਰ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਆਗੂ ਏ.ਵੇਣੂਗੋਪਾਲ ਨੂੰ ਰਾਤ ਸਵਾ ਦਸ ਵਜੇ ਦੇ ਕਰੀਬ ਆਪਣੀ ਰਿਹਾਇਸ਼ 'ਤੇ ਮੀਟਿੰਗ ਲਈ ਸੱਦਿਆ ਸੀ। 


ਦੇਰ ਰਾਤ ਤੱਕ ਬੈਠਕਾਂ ਦਾ ਦੌਰ ਜਾਰੀ ਰਿਹਾ, ਮੀਟਿੰਗ ਖ਼ਤਮ ਹੋਣ ਬਾਅਦ ਮੁੱਖ ਮੰਤਰੀ ਸਵੇਰੇ 2 ਵਜੇ ਚੰਡੀਗੜ੍ਹ ਲਈ ਰਵਾਨਾ ਹੋਏ ਸੀ, ਸੂਚੀ ਦੇ ਜਾਰੀ ਹੋਣ ਦੀ ਉਡੀਕ ਸੀ ਅਤੇ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਸਨ ਕਿ ਲਿਸਟ ਰਾਜਪਾਲ ਨੂੰ ਕਦੋਂ ਭੇਜੀ ਜਾਂਦੀ ਹੈ।ਪਰ 24 ਸਤੰਬਰ ਨੂੰ ਮੁੜ ਦਿੱਲੀ ਤੋਂ ਮੁੱਖ ਮੰਤਰੀ ਨੂੰ ਸੱਦਾ ਆ ਗਿਆ।


ਮੁੱਖ ਮੰਤਰੀ ਦੇ ਦਿੱਲੀ ਨੂੰ ਤਿੰਨ ਗੇੜੇ



  • ਮੁੱਖ ਮੰਤਰੀ ਦਾ ਪਹਿਲਾ ਗੇੜਾ- 21 ਸਤੰਬਰ

  • ਮੁੱਖ ਮੰਤਰੀ ਦਾ ਦੂਜਾ ਗੇੜਾ- 23 ਸਤੰਬਰ

  • ਮੁੱਖ ਮੰਤਰੀ ਦਾ ਤੀਜਾ ਗੇੜਾ- 24 ਸਤੰਬਰ 


 


ਨਵੇਂ ਚਿਹਰਿਆਂ ਨੂੰ ਮਿਲ ਸਕਦੀ ਕੈਬਨਿਟ 'ਚ ਥਾਂ
ਕਿਹਾ ਜਾ ਰਿਹਾ ਹੈ ਕਿ ਜਿਹੜੇ ਨਵੇਂ ਚਿਹਰਿਆਂ ਨੂੰ ਮੰਤਰੀ ਬਣਾਇਆ ਜਾ ਸਕਦ ਹੈ।ਉਨ੍ਹਾਂ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ, ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਰਣਦੀਪ ਨਾਭਾ, ਪ੍ਰਗਟ ਸਿੰਘ ਅਤੇ ਸੁਰਜੀਤ ਧੀਮਾਨ ਸ਼ਾਮਲ ਹੋ ਸਕਦੇ ਹਨ।ਮੀਡੀਆ ਰਿਪੋਰਟਾਂ ਮੁਤਾਬਕ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਰਾਣਾ ਸੋਢੀ, ਸੁੰਦਰ ਸ਼ਾਮ ਅਰੋੜਾ ਅਤੇ ਗੁਰਪ੍ਰੀਤ ਕਾਂਗੜ 'ਤੇ ਛਾਂਟੀ ਦੀ ਤਲਵਾਰ ਲਟਕ ਰਹੀ ਹੈ।


ਹਾਈਕਮਾਨ ਚੰਨੀ ਕੈਬਨਿਟ ਨੂੰ ਲੈ ਕੇ ਫੂਕ-ਫੂਕ ਪੈਰ ਰੱਖ ਰਹੀ ਹੈ, ਕਿਉਂਕਿ ਸਭ ਨੂੰ ਪਤਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੁਰਸੀ ਜਾਣ ਬਾਅਦ ਨਿਰਾਸ਼ ਹਨ।ਅਜਿਹੇ ਵਿੱਚ ਪੁਰਾਣੀ ਕੈਬਨਿਟ ਦੇ ਜ਼ਿਆਦਾ ਚਿਹਰਿਆਂ ਦੀ ਛਾਂਟੀ ਕੈਪਟਨ ਧੜੇ ਨੂੰ ਮਜ਼ਬੂਤ ਕਰ ਸਕਦੀ ਹੈ। ਨਤੀਜਾ ਕੁਝ ਮਹੀਨਿਆਂ ਤੱਕ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਅੰਦਰ ਗੁੱਟਬਾਜ਼ੀ ਵਧੇਗੀ, ਇਸ ਤੋਂ ਵੀ ਹਾਈਕਮਾਨ ਹਰ-ਹਾਲ ਬਚਣਾ ਚਾਹੁੰਦੀ ਹੈ।ਪਰ ਸਵਾਲ ਇਹ ਵੀ ਹੈ ਕਿ 2 ਮਹੀਨਿਆਂ ਦੇ ਸਰਕਾਰ ਲਈ ਹਾਈ ਕਮਾਨ ਇੰਨਾਂ ਸਮਾਂ ਕਿਉਂ ਬਰਬਾਦ ਕਰ ਰਹੀ ਹੈ?