ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓਢੀ ਦੇ ਨਵੇਂ ਦਰਵਾਜ਼ਿਆਂ ਨੂੰ ਪੰਥਕ ਮਰਿਆਦਾ ਅਨੁਸਾਰ ਤੇ ਅਰਦਾਸ ਉਪਰੰਤ ਅੱਜ ਸਥਾਪਤ ਕਰ ਦਿੱਤਾ ਗਿਆ ਹੈ। ਪੁਰਾਣੇ ਦਰਵਾਜ਼ਿਆਂ ਦੀ ਹਾਲਤ ਖਸਤਾ ਹੋਣ ਕਾਰਨ ਉਤਾਰ ਦਿੱਤੇ ਗਏ ਸਨ ਅਤੇ ਹੁਣ ਨਵੇਂ ਦਰਵਾਜ਼ੇ ਲਾਏ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸਾਲ 2010 ਵਿੱਚ ਇਹ ਦਰਵਾਜ਼ੇ ਉਤਾਰੇ ਗਏ ਸਨ ਤੇ ਮੁਰੰਮਤ ਦੀ ਹਾਲਤ ਵਿੱਚ ਨਾ ਹੋਣ ਕਾਰਨ ਨਵੇਂ ਦਰਵਾਜ਼ੇ ਲਗਾਏ ਗਏ ਸਨ। ਇਨ੍ਹਾਂ ਦਰਵਾਜ਼ਿਆਂ ਵਿੱਚ 6 ਕੁਇੰਟਲ ਟਾਹਲੀ ਦੀ ਲੱਕੜ ਤੇ ਸਵਾ ਕੁਇੰਟਲ ਚਾਂਦੀ ਤੇ ਸਮੁੰਦਰੀ ਸਿੱਪੀ ਦੀ ਵਰਤੋਂ ਕੀਤੀ ਗਈ ਹੈ।
ਹਾਲਾਂਕਿ, ਸੋਸ਼ਲ ਮੀਡਿਆ ਤੇ ਇਹ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਪੁਰਾਣੇ ਦਰਵਾਜਿਆਂ ਨੂੰ ਸੋਮਨਾਥ ਮੰਦਿਰ ਭੇਜਿਆ ਜਾਵੇਗਾ ਪਰ ਐਸਜੀਪੀਸੀ ਨੇ ਇਸ ਦਾ ਖੰਡਨ ਕਰਦਿਆਂ ਕਿਹਾ ਕਿ ਇਨ੍ਹਾਂ ਦਰਵਾਜ਼ਿਆਂ ਨੂੰ ਸ਼ੀਸ਼ੇ ਦਾ ਫਰੇਮ ਕਰਕੇ ਸੰਗਤਾਂ ਦੇ ਦਰਸ਼ਨ ਵਾਸਤੇ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਰਾਣੇ ਦਰਵਾਜ਼ੇ ਤਕਰੀਬਨ 200 ਸਾਲ ਪੁਰਾਣੇ ਤੇ ਇਤਿਹਾਸਿਕ ਸਨ, ਉਨ੍ਹਾਂ ਦਰਵਾਜ਼ਿਆਂ ਨੂੰ ਸੀਸ਼ੇ ਦੇ ਫਰੇਮ ਵਿੱਚ ਕਰਵਾ ਕੇ ਸੰਗਤਾਂ ਦੇ ਦਰਸ਼ਨਾਂ ਵਾਸਤੇ ਰੱਖੇ ਜਾਣਗੇ। ਦਰਵਾਜ਼ਿਆਂ ਦੀ ਕਾਰ ਸੇਵਾ ਕਰਨ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਦੱਸਿਆ ਕਿ ਇਨ੍ਹਾਂ ਦਰਵਾਜ਼ਿਆਂ ਨੂੰ 20 ਕਾਰੀਗਰਾਂ ਨੇ ਕਰੀਬ ਇੱਕ ਸਾਲ ਵਿੱਚ ਤਿਆਰ ਕੀਤੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ 2010 ਹਾਥੀ ਦੰਦ ਨਾ ਮਿਲਣ ਕਾਰਨ ਇਹ ਨਵੇਂ ਦਰਵਾਜ਼ੇ ਲੱਗਣ ਵਿੱਚ ਦੇਰੀ ਹੋਈ ਹੈ। ਉਨ੍ਹਾਂ ਕਰਨਾਲ ਦੇ ਗੁਰਦੁਆਰਾ ਸਾਹਿਬ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਲੱਗੀ ਹੋਣ ਕਾਰਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੱਲੋਂ ਉੱਥੇ ਜਾਣ ਤੋਂ ਇਨਕਾਰ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹੋ ਜਿਹੀ ਸੌੜੀ ਸੋਚ ਵਾਲੇ ਵਿਅਕਤੀ ਨੂੰ ਮੁੱਖ ਮੰਤਰੀ ਬਣਾਉਣਾ ਹੀ ਨਹੀਂ ਚਾਹੀਦਾ ਹੈ ਅਤੇ ਖੱਟਰ ਨੂੰ ਸਿੱਖ ਕੌਮ ਤੋਂ ਮਾਫੀ ਮੰਗਣੀ ਚਾਹੀਦੀ ਹੈ। ਦੇਖੋ ਵੀਡੀਓ-