Punjabi in Canada: ਕੈਨੇਡਾ ਵਿੱਚ ਹਜ਼ਾਰਾਂ ਪੰਜਾਬੀਆਂ ਸਣੇ ਪਰਵਾਸੀ ਵਿਦਿਆਰਥੀਆਂ ਦੇ ਡਿਪੋਰਟ ਹੋਣ ਦਾ ਖਤਰਾ ਹੈ। ਕੈਨੇਡਾ ਸਰਕਾਰ ਦੀ ਨਵੀਂ ਨੀਤੀ ਨੇ ਹੜਕੰਪ ਮਚਾ ਦਿੱਤਾ ਹੈ। ਇਸ ਨੀਤੀ ਤਹਿਤ ਪਰਵਾਸੀ ਕਾਮਿਆਂ ਦੀ ਹੱਦ ਤੈਅ ਕੀਤੀ ਜਾ ਰਹੀ ਹੈ। ਇਸ ਨਾਲ ਵਿਦਿਆਰਥੀ ਨੂੰ ਤੈਅ ਸਮੇਂ ਮਗਰੋਂ ਕੈਨੇਡਾ ਛੱਡਣਾ ਪਵੇਗਾ। ਖਤਰੇ ਨੂੰ ਵੇਖਦਿਆਂ ਵਿਦਿਆਰਥੀ ਸੜਕਾਂ ਉੱਪਰ ਉੱਤਰ ਆਏ ਹਨ।
ਦਰਅਸਲ ਪਰਵਾਸੀ ਕਾਮਿਆਂ ਦੀ ਹੱਦ ਤੈਅ ਕਰਨ ਦੇ ਫ਼ੈਸਲੇ ਖ਼ਿਲਾਫ਼ ਸੈਂਕੜੇ ਪੰਜਾਬੀ ਵਿਦਿਆਰਥੀ ਕੈਨੇਡਾ ’ਚ ਸੜਕਾਂ ’ਤੇ ਉਤਰ ਆਏ ਹਨ। ਵਿਦਿਆਰਥੀਆਂ ਨੂੰ ਡਰ ਹੈ ਕਿ ਇਸ ਫ਼ੈਸਲੇ ਕਾਰਨ ਉਨ੍ਹਾਂ ਨੂੰ ਡਿਪੋਰਟ ਕੀਤਾ ਸਕਦਾ ਹੈ। ਨਵੀਂ ਨੀਤੀ ਤਹਿਤ ਪੋਸਟ ਗਰੈਜੂਏਟ ਵਰਕ ਪਰਮਿਟ ਤੇ ਹੋਰ ਰੁਜ਼ਗਾਰ ਸਬੰਧੀ ਢੰਗ-ਤਰੀਕਿਆਂ ਲਈ ਯੋਗ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕੀਤੀ ਜਾਵੇਗੀ।
ਮੀਡੀਆ ਰਿਪੋਰਟਾਂ ਮੁਤਾਬਕ ਇਸ ਨੀਤੀ ਕਾਰਨ ਪੰਜਾਬੀ ਵਿਦਿਆਰਥੀਆਂ ’ਚ ਰੋਹ ਪੈਦਾ ਹੋ ਗਿਆ ਹੈ। ਉਨ੍ਹਾਂ ਨੂੰ ਆਪਣਾ ਭਵਿੱਖ ਹਨੇਰੇ ’ਚ ਜਾਪ ਰਿਹਾ ਹੈ। ਟੋਰਾਂਟੋ ਤੋਂ ਸ਼ੁਰੂ ਹੋਇਆ ਵਿਰੋਧ ਪ੍ਰਦਰਸ਼ਨ ਬਰੈਂਪਟਨ, ਵੈਨਕੂਵਰ, ਵਿਨੀਪੈਗ ਤੇ ਮੌਂਟਰੀਅਲ ਜਿਹੇ ਸ਼ਹਿਰਾਂ ’ਚ ਫੈਲ ਗਿਆ ਹੈ। ਵਿਦਿਆਰਥੀ ਅਗਸਤ ਦੇ ਅਖੀਰ ਤੋਂ ਬਰੈਂਪਟਨ ’ਚ ਕੁਈਨ ਸਟਰੀਟ ’ਤੇ ਪੱਕੇ ਤੌਰ ’ਤੇ ਪ੍ਰਦਰਸ਼ਨ ਕਰ ਰਹੇ ਹਨ।
ਹੁਣ ਇਸ ਸੰਘਰਸ਼ ਨੂੰ ਚੰਗਾ ਹੁੰਗਾਰਾ ਮਿਲਣ ਲੱਗਾ ਹੈ। ਰੁਪਿੰਦਰ ਹਾਂਡਾ, ਤੇ ਗੁਰੂ ਰੰਧਾਵਾ ਸਣੇ ਕਈ ਪੰਜਾਬੀ ਗਾਇਕਾਂ ਨੇ ਹਮਾਇਤ ਦਿੰਦਿਆਂ ਧਰਨੇ ਵਿੱਚ ਸ਼ਿਰਕਤ ਕੀਤੀ ਹੈ। ਇਥੋਂ ਤੱਕ ਕਿ ਫਿਲਿਪੀਨੋ ਪਰਵਾਸੀ ਕਾਮਿਆਂ ਦੀ ਇੱਕ ਜਥੇਬੰਦੀ ਓਂਟਾਰੀਓ ਫੈਡਰੇਸ਼ਨ ਆਫ਼ ਵਰਕਰਸ ਐਂਡ ਮਾਈਗਰੈਂਟਸ ਤਹਿਤ 54 ਟ੍ਰੇਡ ਯੂਨੀਅਨਾਂ ਨੇ ਵੀ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਆਪਣੀ ਹਮਾਇਤ ਦਿੱਤੀ ਹੈ।
ਵਿਦਿਆਰਥੀ ਆਗੂਆਂ ਨੇ ਦਾਅਵਾ ਕੀਤਾ ਕਿ ਪੀਜੀਡਬਲਿਊਪੀ ਲਈ ਐਕਸਟੈਂਸ਼ਨ ਨਾ ਮਿਲਣ ਕਾਰਨ ਕਰੀਬ 1.3 ਲੱਖ ਕੌਮਾਂਤਰੀ ਵਿਦਿਆਰਥੀ ਪ੍ਰਭਾਵਿਤ ਹੋਣਗੇ। ਉਧਰ ਕੈਨੇਡਾ ਸਰਕਾਰ ਨੇ ਆਰਥਿਕ ਦਬਾਅ ਦਾ ਹਵਾਲਾ ਦਿੰਦਿਆਂ ਨੀਤੀ ਦਾ ਬਚਾਅ ਕੀਤਾ ਹੈ। ਇਮੀਗਰੇਸ਼ਨ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਇਹ ਹੱਦ ਯਕੀਨੀ ਬਣਾਉਣੀ ਜ਼ਰੂਰੀ ਹੈ ਤਾਂ ਜੋ ਕੈਨੇਡਾ ਦੀ ਪਰਵਾਸ ਪ੍ਰਣਾਲੀ ਟਿਕਾਊ ਬਣੀ ਰਹੇ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।