ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


Punjab News: ਪੰਜਾਬ ਕਾਂਗਰਸ (Punjab Congress) ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਨੇ ਪਹਿਲੀ ਵਾਰ ਨਵਜੋਤ ਸਿੱਧੂ (Navjot Singh Sidhu) 'ਤੇ ਆਪਣੀ ਚੁੱਪੀ ਤੋੜੀ ਹੈ। ਸਿੱਧੂ ਵੱਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੇ ਸਵਾਲ 'ਤੇ ਰਾਜਾ ਵੜਿੰਗ ਨੇ ਕਿਹਾ ਕਿ ਮੀਟਿੰਗ ਕੋਈ ਵੀ ਕਰ ਸਕਦਾ ਹੈ, ਪਰ ਮੁੱਦਾ ਕਾਂਗਰਸ ਨੂੰ ਮਜ਼ਬੂਤ ਕਰਨ ਦਾ ਹੋਣਾ ਚਾਹੀਦਾ ਹੈ, ਕਿਸੇ ਵਿਅਕਤੀ ਵਿਸ਼ੇਸ਼ ਨੂੰ ਮਜ਼ਬੂਤ ਕਰਨ ਲਈ ਨਹੀਂ।


ਲੁਧਿਆਣਾ ਵਿੱਚ ਕਾਂਗਰਸੀ ਆਗੂਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਵੜਿੰਗ ਨੇ ਕਿਹਾ ਕਿ ਕਾਂਗਰਸ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ। ਮੈਨੂੰ ਕੋਈ ਇਤਰਾਜ਼ ਨਹੀਂ ਕਿ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਕੋਈ ਮੀਟਿੰਗ ਕਰੇ। ਵੜਿੰਗ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਾਂਗਰਸ ਵਿੱਚ ਸੰਗਠਨ ਦੇ ਸਮਾਨਾਂਤਰ ਕੋਈ ਪ੍ਰਣਾਲੀ ਨਹੀਂ ਚੱਲੇਗੀ।


ਦੱਸ ਦਈਏ ਕਿ ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਵੀਰਵਾਰ ਨੂੰ ਰਾਜਪਾਲ ਬੀਐਲ ਪੁਰੋਹਿਤ ਨਾਲ ਮੁਲਾਕਾਤ ਕਰਨ ਦੀ ਤਿਆਰੀ ਕਰ ਲਈ ਹੈ। ਸਿੱਧੂ ਨਾਲ ਤਿੰਨ ਮੈਂਬਰੀ ਵਫ਼ਦ ਵੀ ਸ਼ਾਮਲ ਹੋਏਗਾ ਜਿਸ ਵਿੱਚ ਉਹ ਪੰਜਾਬ ਵਿੱਚ ਅਮਨ ਕਾਨੂੰਨ ਯਾਨੀ ਕਾਨੂੰਨ ਵਿਵਸਥਾ ਤੇ ਬਿਜਲੀ ਦਾ ਮੁੱਦਾ ਉਠਾਉਣਗੇ।


ਬੀਤੇ ਕੁਝ ਦਿਨ ਪਹਿਲਾਂ ਕਾਂਗਰਸ ਹਾਈਕਮਾਂਡ ਨੇ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ। ਇਸ ਤੋਂ ਪਹਿਲਾਂ ਸੋਨੀਆ ਗਾਂਧੀ ਨੇ ਚੋਣ ਹਾਰ ਤੋਂ ਬਾਅਦ ਸਿੱਧੂ ਦਾ ਅਸਤੀਫਾ ਸਵੀਕਾਰ ਕਰ ਲਿਆ ਸੀ। ਸਿੱਧੂ ਮੁੜ ਤੋਂ ਮੁਖੀ ਬਣਨਾ ਚਾਹੁੰਦਾ ਸੀ। ਹਾਲਾਂਕਿ ਜਦੋਂ ਵੜਿੰਗ ਦੇ ਨਾਂ ਦਾ ਐਲਾਨ ਕੀਤਾ ਗਿਆ ਤਾਂ ਸਿੱਧੂ ਵੜਿੰਗ ਨਾਲ ਮੁਲਾਕਾਤ ਕਰਨ ਵੀ ਨਹੀਂ ਗਏ। ਵੜਿੰਗ ਅੰਮ੍ਰਿਤਸਰ 'ਚ ਕਾਂਗਰਸੀ ਆਗੂਆਂ ਨੂੰ ਮਿਲਣ ਆਏ ਸੀ।


ਪੰਜਾਬ ਵਿੱਚ ਕਾਂਗਰਸ ਦੀ ਚੋਣ ਹਾਰ ਦੀ ਜ਼ਿੰਮੇਵਾਰੀ ਨਵਜੋਤ ਸਿੱਧੂ ਨਹੀਂ ਲੈ ਰਹੇ। ਉਨ੍ਹਾਂ ਨੇ ਇਸ ਦਾ ਦੋਸ਼ ਚਰਨਜੀਤ ਚੰਨੀ 'ਤੇ ਲਗਾਇਆ ਹੈ। ਸਿੱਧੂ ਦਾ ਕਹਿਣਾ ਹੈ ਕਿ ਜੇਕਰ ਚੰਨੀ ਨੂੰ ਸੀਐਮ ਚਿਹਰਾ ਬਣਾ ਕੇ ਚੋਣ ਲੜੀ ਗਈ ਤਾਂ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਚੋਣ ਹਾਰਨ ਤੋਂ ਬਾਅਦ ਐਕਟਿਵ ਹੋਏ ਸਿੱਧੂ ਲਗਾਤਾਰ ਕਾਂਗਰਸੀ ਆਗੂਆਂ ਨੂੰ ਮਿਲ ਰਹੇ ਹਨ।


ਕਾਂਗਰਸ ਹਾਈਕਮਾਂਡ ਵੱਲੋਂ ਨੋਟਿਸ ਮਿਲਣ ਤੋਂ ਬਾਅਦ ਉਨ੍ਹਾਂ ਨੇ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ। ਮੰਗਲਵਾਰ ਨੂੰ ਵੀ ਉਹ ਬਠਿੰਡਾ ਪੁੱਜੇ ਤੇ ਉੱਥੇ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕੀਤੀ। ਕਾਂਗਰਸ 'ਚ ਖੁਦ ਨੂੰ ਵੱਡਾ ਨੇਤਾ ਸਾਬਤ ਕਰਨ ਲਈ ਇਸ ਨੂੰ ਸਿੱਧੂ ਦੇ ਸ਼ਕਤੀ ਪ੍ਰਦਰਸ਼ਨ ਨਾਲ ਜੋੜਿਆ ਜਾ ਰਿਹਾ ਹੈ।


ਇਹ ਵੀ ਪੜ੍ਹੋ: ਕਰਮਚਾਰੀਆਂ ਲਈ ਵੱਡੀ ਖ਼ਬਰ! ਕੇਂਦਰ ਨੇ ਮਹਿੰਗਾਈ ਭੱਤਾ (DA) ਵਧਾਇਆ