ਅੰਮ੍ਰਿਤਸਰ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਬਾਰੇ ਨਵਾਂ ਖੁਲਾਸਾ ਹੋਇਆ ਹੈ। ਭਕਨਾ ਕਲਾਂ 'ਚ ਹੋਏ ਪੁਲਿਸ ਐਨਕਾਊਂਟਰ 'ਚ ਮਾਰੇ ਗਏ ਸ਼ਾਰਪ ਸ਼ੂਟਰ ਜਗਰੂਪ ਰੂਪਾ ਤੇ ਮਨਦੀਪ ਸਿੰਘ ਮੰਨਾ ਕੋਲੋਂ ਬਰਾਮਦ ਹੋਏ ਹਥਿਆਰਾਂ 'ਚ ਏਕੇ 47 ਤੇ .9 ਐਮਐਮ ਦਾ ਪਿਸਟਲ ਹੀ ਸਿੱਧੂ ਮੂਸੇਵਾਲਾ ਕਤਲ ਵੇਲੇ ਵਰਤਿਆ ਗਿਆ ਸੀ। ਫੋਰਾਂਸਿਕ ਜਾਂਚ 'ਚ ਪਤਾ ਲੱਗਾ ਹੈ ਕਿ ਇਹ ਉਹੀ ਹਥਿਆਰ ਹਨ, ਜੋ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਵਰਤੇ ਗਏ ਸਨ।
ਇਸ ਦੀ ਪੁਸ਼ਟੀ ਭਕਨਾ ਕਲਾਂ ਐਨਕਾਊਂਟਰ ਲਈ ਬਣਾਈ ਸਿੱਟ ਦੇ ਅਧਿਕਾਰੀਆਂ ਨੇ ਕੀਤੀ ਹੈ। ਇਸ ਮੁਤਾਬਕ ਬਰਾਮਦ ਹਥਿਆਰਾਂ ਤੇ ਕਾਰਤੂਸਾਂ ਨੂੰ ਫੋਰਾਂਸਿਕ ਜਾਂਚ ਲਈ ਭੇਜਿਆ ਗਿਆ ਸੀ। ਰਿਪੋਰਟ 'ਚ ਇਸ ਦੀ ਪੁਸ਼ਟੀ ਹੋਈ ਹੈ।
ਸਿੱਧੂ ਮੂਸੇਵਾਲਾ ਕਤਲ ਦੀ ਜਾਂਚ ਮਾਨਸਾ ਪੁਲਿਸ ਕਰ ਰਹੀ ਹੈ ਤੇ ਇਹ ਹਥਿਆਰ ਮਾਨਸਾ ਪੁਲਿਸ ਆਪਣੀ ਕਸਟਡੀ 'ਚ ਲੈ ਲਵੇਗੀ। 20 ਜੁਲਾਈ ਨੂੰ ਅੰਮ੍ਰਿਤਸਰ ਨੇੜਲੇ ਭਕਨਾ ਕਲਾਂ 'ਚ ਹੋਏ ਪੁਲਸ ਐਨਕਾਊਂਟਰ 'ਚ ਦੋਵੇਂ ਸ਼ਾਰਪ ਸ਼ੂਟਰ ਰੂਪਾ ਤੇ ਮੰਨੂ ਮਾਰੇ ਗਏ ਸਨ ਤੇ ਚਾਰ ਪੁਲਿਸ ਮੁਲਾਜਮ ਤੇ ਏਬੀਪੀ ਸਾਂਝਾ ਦੇ ਕੈਮਰਾਮੈਨ ਸਿਕੰਦਰ ਜ਼ਖਮੀ ਹੋਏ ਸਨ।