ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਮਾਮਲੇ 'ਤੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਤਾਜ਼ਾ ਜਾਣਕਾਰੀ ਮੁਤਾਬਕ 5 ਜਨਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਫਿਰੋਜ਼ਪੁਰ ਫ਼ੇਰੀ ਦੌਰਾਨ ਸੁਰੱਖਿਆ ਘੇਰਾ ਉਲੰਘ ਕੇ ਹੱਥਾਂ ’ਚ ਭਾਜਪਾ ਦਾ ਝੰਡਾ ਚੁੱਕੀ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਾਉਣ ਵਾਲੇ ਲੋਕਾਂ ’ਚ ਸ਼ਾਮਲ ਇੱਕ ਨੌਜਵਾਨ ਦੀ ਪਛਾਣ ਸ਼ਿਵਮ ਸ਼ਰਮਾ ਵਜੋਂ ਹੋਈ ਹੈ। ਸੂਤਰਾਂ ਮੁਤਾਬਕ ਉਹ ਪੰਜਾਬ ਦੇ ਤਲਵਾੜਾ ਦਾ ਰਹਿਣ ਵਾਲਾ ਹੈ।

ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਤਸਵੀਰਾਂ ਮੁਤਾਬਕ ਉਸ ਦੀ ਪਹੁੰਚ ਭਾਜਪਾ ਦੇ ਵੱਡੇ ਆਗੂਆਂ ਤੱਕ ਹੈ। ਸ਼ਿਵਮ ਸ਼ਰਮਾ ਨੇ ਭਾਜਪਾ ਆਗੂਆਂ ਨਾਲ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਖਾਤਿਆਂ ’ਤੇ ਪਈਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਲਖੀਮਪੁਰ ਘਟਨਾ ਵਿੱਚ ਘਿਰੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ, ਲਾਲ ਕ੍ਰਿਸ਼ਨ ਅਡਵਾਨੀ, ਸ਼ਿਵ ਸੈਨਾ ਹਿੰਦ ਪੰਜਾਬ ਦੇ ਵਿਵਾਦਤ ਆਗੂ ਨਿਸ਼ਾਂਤ ਸ਼ਰਮਾ, ਕੇਂਦਰੀ ਮੰਤਰੀ ਅਨੁਰਾਗ ਠਾਕੁਰ ਤੇ ਹੋਰ ਸ਼ਾਮਲ ਹਨ।  

ਹਾਸਲ ਜਾਣਕਾਰੀ ਮੁਤਾਬਕ ਮੂਲ ਰੂਪ ਵਿੱਚ ਉੱਤਰਾਖੰਡ ਨਾਲ ਸਬੰਧਤ ਸ਼ਿਵਮ ਸ਼ਰਮਾ ਸਥਾਨਕ ਬੀਬੀਐਮਬੀ ਕਲੋਨੀ ਦੇ ਸੈਕਟਰ ਤਿੰਨ ਵਿੱਚ ਰਹਿੰਦਾ ਹੈ। ਉਹ ਪਿਛਲੇ ਕੁਝ ਸਾਲਾਂ ਤੋਂ ਸ਼ਿਵ ਸੈਨਾ ਹਿੰਦ ਵਰਗੇ ਕਈ ਕੱਟੜਪੰਥੀ ਸੰਗਠਨਾਂ ਦਾ ਸਰਗਰਮ ਕਾਰਕੁਨ ਹੈ। ਅਹਿਮ ਗੱਲ ਹੈ ਕਿ ਉਸ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਛਤਰੀ ਮਿਲੀ ਹੋਈ ਹੈ। ਸੂਤਰਾਂ ਅਨੁਸਾਰ ਸ਼ਿਵਮ ਸ਼ਰਮਾ ਕੋਲ ਪਿਛਲੇ ਕਰੀਬ ਦੋ ਸਾਲ ਤੋਂ ਪੰਜਾਬ ਪੁਲਿਸ ਦੀ ਸੁਰੱਖਿਆ ਹੈ।

ਫਿਰੋਜ਼ਪੁਰ ਫ਼ੇਰੀ ਦੌਰਾਨ ਸੜਕ ਜਾਮ ਵਿੱਚ ਫਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫ਼ਲਾ ਜਦੋਂ ਵਾਪਸ ਮੁੜ ਰਿਹਾ ਸੀ ਤਾਂ ਸ਼ਿਵਮ ਸ਼ਰਮਾ ਆਪਣੇ ਕੁਝ ਸਮਰਥਕਾਂ ਨਾਲ ਭਾਜਪਾ ਦਾ ਝੰਡਾ ਲੈ ਕੇ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਾਉਂਦਾ ਹੋਇਆ ਅੱਗੇ ਵਧਦਾ ਹੋਇਆ ਸਪਸ਼ਟ ਦਿਖਾਈ ਦਿੰਦਾ ਹੈ। ਇਹ ਵੀਡੀਓ ਕੌਮੀ ਖ਼ਬਰ ਚੈਨਲਾਂ ਵੱਲੋਂ ਵੀ ਚਲਾਈ ਗਈ ਹੈ। 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:






 





https://play.google.com/store/apps/details?id=com.winit.starnews.hin


https://apps.apple.com/in/app/abp-live-news/id811114904