ਚੰਡੀਗੜ੍ਹ: ਮਹਿੰਦਰਾ ਥਾਰ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ 'ਥਾਰ' ਦੀ ਬੋਲੀ ਲਾ ਸਕਦੇ ਹਨ ਕਿਉਂਕਿ ਮਹਿੰਦਰਾ ਕੰਪਨੀ ਵੱਲੋਂ ਦਾਨ ’ਚ ਮਿਲੀ ‘ਥਾਰ’ ਨਿਲਾਮ ਹੋਣ ਜਾ ਰਹੀ ਹੈ। ਇਹ ਕਾਰ ਸਿਰਫ਼ 700 ਕਿਲੋਮੀਟਰ ਹੀ ਚੱਲੀ ਹੈ। ਲਾਲ ਰੰਗ ਦੀ ਇਹ ‘ਥਾਰ’ ਪੰਜ ਅਪਰੈਲ ਨੂੰ ਨਿਲਾਮ ਕੀਤੀ ਜਾਵੇਗੀ। ਸਭ ਖ਼ਰਚਿਆਂ ਸਮੇਤ ਇਸ ਦੀ ਕੀਮਤ 16.50 ਲੱਖ ਰੁਪਏ ਦੱਸੀ ਜਾ ਰਹੀ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਖੁੱਲ੍ਹੀ ਬੋਲੀ ਰਾਹੀਂ ਇਸ ਥਾਰ ਨੂੰ ਨਿਲਾਮ ਕੀਤਾ ਜਾਵੇਗਾ, ਜਿਸ ਲਈ ਸਕਿਓਰਿਟੀ ਫ਼ੀਸ 50 ਹਜ਼ਾਰ ਰੁਪਏ ਰੱਖੀ ਗਈ ਹੈ। ਮਹਿੰਦਰਾ ਕੰਪਨੀ ਵੱਲੋਂ ਜਦੋਂ ਵੀ ਕੋਈ ਨਵੀਂ ਗੱਡੀ ਲਾਂਚ ਕੀਤੀ ਜਾਂਦੀ ਹੈ ਤਾਂ ਪਹਿਲੀ ਗੱਡੀ ਦਾਨ ਵਜੋਂ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਜਾਂਦੀ ਹੈ।
ਮੋਦੀ ਸਰਕਾਰ ਦਾ ਭਗਵੰਤ ਮਾਨ ਨੂੰ ਵੱਡਾ ਝਟਕਾ! ਪੇਂਡੂ ਵਿਕਾਸ ਫੰਡ ਦੇ 1100 ਕਰੋੜ ਰੁਪਏ ਰੋਕੇ
ਸ਼੍ਰੋਮਣੀ ਕਮੇਟੀ ਵੱਲੋਂ 5 ਅਪਰੈਲ ਨੂੰ ਪੰਜ ਗੱਡੀਆਂ ਨਿਲਾਮ ਕੀਤੀਆਂ ਜਾਣੀਆਂ ਹਨ, ਜਿਨ੍ਹਾਂ ਵਿੱਚ ਥਾਰ ਤੋਂ ਇਲਾਵਾ 2017 ਮਾਡਲ ਇੱਕ ਕੈਮਰੀ ਆਟੋਮੈਟਿਕ ਗੱਡੀ ਵੀ ਹੈ। ਕੈਮਰੀ ਗੱਡੀ ਵੀ ਕਰੀਬ 51 ਹਜ਼ਾਰ ਕਿਲੋਮੀਟਰ ਹੀ ਚੱਲੀ ਹੈ। ਇਸੇ ਤਰ੍ਹਾਂ 2011 ਮਾਡਲ ਇੱਕ ਟਵੇਰਾ ਗੱਡੀ, 2013 ਮਾਡਲ ਇੱਕ ਇਨੋਵਾ ਗੱਡੀ ਵੀ ਨਿਲਾਮ ਹੋਵੇਗੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਮਹਿੰਦਰਾ ਵੱਲੋਂ ਦਾਨ ਕੀਤੀ ਥਾਰ ਗੱਡੀ ਉਨ੍ਹਾਂ ਦੇ ਕੰਮ ਨਹੀਂ ਆ ਰਹੀ ਹੈ ਤੇ ਉਨ੍ਹਾਂ ਨੇ ਨਿਲਾਮੀ ਕਰਨ ਤੋਂ ਪਹਿਲਾਂ ਕੰਪਨੀ ਤੋਂ ਵੀ ਹਰੀ ਝੰਡੀ ਲੈ ਲਈ ਹੈ। ਉਨ੍ਹਾਂ ਦੱਸਿਆ ਕਿ ਥਾਰ ਨੂੰ ਨਿਲਾਮ ਕਰ ਕੇ ਉਹ ਕੋਈ ਹੋਰ ਗੱਡੀ ਖ਼ਰੀਦਣਗੇ, ਜੋ ਸ਼੍ਰੋਮਣੀ ਕਮੇਟੀ ਦੇ ਕੰਮ ਆ ਸਕੇ। ਮਹਿੰਦਰਾ ਕੰਪਨੀ ਨੇ ਇਹ ਥਾਰ ਮੁੰਬਈ ਤੋਂ ਭੇਜੀ ਸੀ। ਇਹ ਥਾਰ 2021 ਮਾਡਲ ਗੱਡੀ ਹੈ ਜੋ ਸ਼੍ਰੋਮਣੀ ਕਮੇਟੀ ਦੇ ਨਾਮ ਹੈ।