ਚੰਡੀਗੜ੍ਹ: ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ (Former DGP Sumedh Saini) ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਹੁਣ ਉਨ੍ਹਾਂ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ (Corruption Case) ਦਰਜ ਹੋਇਆ ਹੈ। ਇਸ ਕੇਸ ਤਹਿਤ ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਦੀ ਟੀਮ ਨੇ ਸੋਮਵਾਰ ਸ਼ਾਮ ਚੰਡੀਗੜ੍ਹ ਦੇ ਸੈਕਟਰ-20 ਸਥਿਤ ਸੁਮੇਧ ਸੈਣੀ ਦੇ ਘਰ ਛਾਪਾ ਮਾਰਿਆ। ਰਾਤ 8 ਵਜੇ ਦੇ ਕਰੀਬ 20 ਤੋਂ 25 ਪੁਲਿਸ ਵਾਲੇ ਗੱਡੀਆਂ 'ਚ ਪਹੁੰਚੇ ਤੇ ਸੈਣੀ ਦੀ ਕੋਠੀ ਨੂੰ ਘੇਰ ਲਿਆ। ਕੋਠੀ ਦੇ ਮੁੱਖ ਗੇਟ ਤੋਂ ਇਲਾਵਾ ਵਿਜੀਲੈਂਸ ਟੀਮ ਨੇ ਪਿਛਲੇ ਪਾਸੇ ਨੂੰ ਵੀ ਘੇਰ ਲਿਆ। ਹਾਲਾਂਕਿ ਵਿਜੀਲੈਂਸ ਟੀਮ ਤੁਰੰਤ ਘਰ 'ਚ ਦਾਖਲ ਨਹੀਂ ਹੋ ਸਕੀ।


ਦੱਸ ਦਈਏ ਕਿ ਇਸ ਤੋਂ ਪਹਿਲਾਂ ਸੈਣੀ ਮੁਹਾਲੀ ਦੇ ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨੂੰ ਜ਼ਬਰਦਸਤੀ ਘਰੋਂ ਚੁੱਕ ਕੇ ਕਥਿਤ ਤੌਰ ’ਤੇ ਮੌਤ ਦੇ ਘਾਟ ਉਤਾਰਨ ਤੇ ਬੇਅਦਬੀ ਤੇ ਗੋਲੀ ਕਾਂਡ ਦੇ ਕੇਸਾਂ ਵਿੱਚ ਘਿਰੇ ਹੋਏ ਹਨ। ਹੁਣ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਡੀਜੀਪੀ ਖ਼ਿਲਾਫ਼ ਆਮਦਨ ਤੋਂ ਵੱਧ ਸੰਪਤੀ ਜੁਟਾਉਣ ਦਾ ਨਵਾਂ ਕੇਸ ਮੁਹਾਲੀ ਦੇ ਵਿਜੀਲੈਂਸ ਥਾਣੇ ’ਚ ਦਰਜ ਕੀਤਾ ਗਿਆ ਹੈ।


ਛਾਪੇ ਮਗਰੋਂ ਹਾਈ ਵੋਲਟੇਜ਼ ਡਰਾਮਾ


ਛਾਪੇਮਾਰੀ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੇ ਸੁਮੇਧ ਸੈਣੀ ਦੇ ਵਕੀਲ ਰਮਨਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਇਹ ਕੋਠੀ ਨਿੱਜੀ ਜਾਇਦਾਦ ਹੈ। ਵਿਜੀਲੈਂਸ ਅਫਸਰ ਨੂੰ ਪਹਿਲਾਂ ਸਥਾਨਕ ਪੁਲਿਸ ਨੂੰ ਬੁਲਾਉਣਾ ਚਾਹੀਦਾ ਹੈ, ਕਿਉਂਕਿ ਸਥਾਨਕ ਪੁਲਿਸ ਦੇ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਅੰਦਰ ਜਾਣ ਤੇ ਜਾਂਚ ਕਰਨ ਦੀ ਆਗਿਆ ਹੋਵੇਗੀ।


ਸੈਣੀ ਦੇ ਵਕੀਲ ਨੇ ਵਿਜੀਲੈਂਸ ਅਧਿਕਾਰੀਆਂ ਨੂੰ ਸੈਣੀ ਵਿਰੁੱਧ ਦਰਜ ਐਫਆਈਆਰ ਦੀ ਕਾਪੀ ਦਿਖਾਉਣ ਲਈ ਵੀ ਕਿਹਾ। ਇਸ ਹੰਗਾਮੇ ਦੌਰਾਨ ਚੰਡੀਗੜ੍ਹ ਸੈਕਟਰ-19 ਥਾਣੇ ਦੇ ਐਸਐਚਓ ਮਲਕੀਤ ਕੁਮਾਰ ਪੁਲਿਸ ਮੁਲਾਜ਼ਮਾਂ ਸਮੇਤ ਮੌਕੇ 'ਤੇ ਪਹੁੰਚੇ।


ਕਰੀਬ ਪੌਣੇ ਘੰਟੇ ਬਾਅਦ ਰਾਤ 9:15 ਵਜੇ ਵਿਜੀਲੈਂਸ ਦੇ 2 ਅਧਿਕਾਰੀ, ਸਥਾਨਕ ਪੁਲਿਸ ਤੇ ਸੈਣੀ ਦੇ ਵਕੀਲ ਦੇ ਨਾਲ ਘਰ ਵਿੱਚ ਦਾਖਲ ਹੋਏ। ਕੋਠੀ ਦੇ ਕਮਰਿਆਂ ਤੋਂ ਇਲਾਵਾ ਟੀਮ ਨੇ ਪੋਰਟ ਤੇ ਗਾਰਡਨ 'ਚ ਰੱਖੇ ਗਮਲਿਆਂ ਤਕ ਦੀ ਵੀ ਤਲਾਸ਼ੀ ਲਈ।


ਸੈਣੀ ਦੇ ਘਰ 'ਚ ਰੇਡ ਕਿਸ ਮਾਮਲੇ 'ਚ ਪਾਈ ਗਈ ਹੈ? ਵਿਜੀਲੈਂਸ ਬਿਊਰੋ ਦੇ ਅਧਿਕਾਰੀ ਇਸ ਬਾਰੇ ਕੁਝ ਵੀ ਦੱਸਣ ਲਈ ਤਿਆਰ ਨਹੀਂ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਆਪਣੀ ਕਾਰਵਾਈ ਪੂਰੀ ਕਰਨੀ ਹੈ, ਉਸ ਤੋਂ ਬਾਅਦ ਉਹ ਇਸ ਬਾਰੇ ਗੱਲ ਕਰਨਗੇ। ਇਹ ਵੀ ਚਰਚਾ ਹੈ ਕਿ ਸੈਣੀ ਖ਼ਿਲਾਫ ਜ਼ਮੀਨ ਨਾਲ ਜੁੜੇ ਭ੍ਰਿਸ਼ਟਾਚਾਰ ਦਾ ਤਾਜ਼ਾ ਮਾਮਲਾ ਦਰਜ ਕੀਤਾ ਗਿਆ ਹੈ।


ਸੁਮੇਧ ਸਿੰਘ ਸੈਣੀ ਦੀ ਕੋਠੀ 'ਤੇ ਵਿਜੀਲੈਂਸ ਬਿਊਰੋ ਵੱਲੋਂ ਛਾਪੇਮਾਰੀ ਦੀ ਸੂਚਨਾ ਮਿਲਦੇ ਹੀ ਲੋਕ ਮੌਕੇ 'ਤੇ ਇਕੱਠੇ ਹੋ ਗਏ। ਜਿਸ ਸਮੇਂ ਛਾਪਾ ਮਾਰਿਆ ਗਿਆ, ਉਸ ਸਮੇਂ ਕੋਠੀ ਦਾ ਗੇਟ ਅੰਦਰੋਂ ਬੰਦ ਸੀ। ਵਿਜੀਲੈਂਸ ਅਧਿਕਾਰੀਆਂ ਵੱਲੋਂ ਦਰਵਾਜ਼ੇ ਦੀ ਘੰਟੀ ਵਜਾਉਣ 'ਤੇ ਇੱਕ ਬਜ਼ੁਰਗ ਕੋਠੀ ਤੋਂ ਬਾਹਰ ਆਇਆ ਤੇ ਦਰਵਾਜ਼ਾ ਖੋਲ੍ਹਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਜਦੋਂ ਤਕ ਉਸ ਦਾ ਵਕੀਲ ਨਹੀਂ ਆਉਂਦਾ, ਉਹ ਗੇਟ ਨਹੀਂ ਖੋਲ੍ਹੇਗਾ। ਕਰੀਬ 10 ਮਿੰਟ ਬਾਅਦ ਸੈਣੀ ਦੇ ਵਕੀਲ ਰਮਨਪ੍ਰੀਤ ਸੰਧੂ ਮੌਕੇ 'ਤੇ ਪਹੁੰਚੇ। ਸੰਧੂ ਨੇ ਮਾਮਲਾ ਪੁੱਛਿਆ ਪਰ ਵਿਜੀਲੈਂਸ ਅਧਿਕਾਰੀ ਕੁਝ ਵੀ ਕਹਿਣ ਲਈ ਤਿਆਰ ਨਹੀਂ ਸਨ।


ਦੂਜੇ ਪਾਸੇ ਵਿਜੀਲੈਂਸ ਛਾਪੇਮਾਰੀ ਦੀ ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲਿਸ ਦੇ ਸੈਕਟਰ-19 ਥਾਣੇ ਦੇ ਐਸਐਚਓ ਮਲਕੀਤ ਕੁਮਾਰ ਦਲਬਲ ਸਮੇਤ ਮੌਕੇ 'ਤੇ ਪਹੁੰਚ ਗਏ। ਤਕਰੀਬਨ ਪੌਣੇ ਘੰਟੇ ਦੇ ਬਾਅਦ, ਸਥਾਨਕ ਪੁਲਿਸ ਤੇ ਵਿਜੀਲੈਂਸ ਅਧਿਕਾਰੀਆਂ ਦੇ ਸਮਝੌਤੇ 'ਤੇ ਕੋਠੀ ਦਾ ਗੇਟ ਰਾਤ 9.14 ਵਜੇ ਖੋਲ੍ਹਿਆ ਗਿਆ।


ਉਸ ਤੋਂ ਬਾਅਦ ਵਿਜੀਲੈਂਸ ਟੀਮ ਦੇ 2 ਅਧਿਕਾਰੀ ਚੰਡੀਗੜ੍ਹ ਪੁਲਿਸ ਦੇ ਐਸਐਚਓ ਮਲਕੀਤ ਕੁਮਾਰ ਅਤੇ ਸੈਣੀ ਦੇ ਵਕੀਲ ਰਮਨਪ੍ਰੀਤ ਸਿੰਘ ਸੰਧੂ ਦੇ ਨਾਲ ਕੋਠੀ ਦੇ ਅੰਦਰ ਦਾਖਲ ਹੋਏ। ਰਾਤ 10 ਵਜੇ ਤਕ ਵਿਜੀਲੈਂਸ ਟੀਮ ਕੋਠੀ ਦੇ ਅੰਦਰ ਜਾਂਚ ਵਿੱਚ ਲੱਗੀ ਹੋਈ ਸੀ।


SIT ਨੇ ਬੇਅਦਬੀ ਮਾਮਲੇ ਵਿੱਚ ਸੈਣੀ ਤੋਂ ਪੁੱਛਗਿੱਛ ਕੀਤੀ ਸੀ


ਸਾਲ 2015 ਵਿੱਚ ਜਦੋਂ ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ ਤੇ ਉਸ ਤੋਂ ਬਾਅਦ ਬਹਿਬਲਕਲਾਂ ਤੇ ਕੋਟਕਪੂਰਾ ਵਿੱਚ ਲੋਕਾਂ 'ਤੇ ਗੋਲੀਬਾਰੀ ਕੀਤੀ ਗਈ ਸੀ, ਉਸ ਸਮੇਂ ਸੁਮੇਧ ਸਿੰਘ ਸੈਣੀ ਪੰਜਾਬ ਦੇ ਡੀਜੀਪੀ ਸਨ। ਇਸ ਸਬੰਧੀ ਸੈਣੀ ਖ਼ਿਲਾਫ਼ ਕੇਸ ਵੀ ਦਰਜ ਕੀਤਾ ਗਿਆ ਹੈ।


2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਸੱਤਾ ਵਿੱਚ ਆਈ ਸੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਸੀ। ਹਾਈ ਕੋਰਟ ਵੱਲੋਂ ਉਸ ਐਸਆਈਟੀ ਦੀ ਰਿਪੋਰਟ ਨੂੰ ਰੱਦ ਕਰਨ ਤੋਂ ਬਾਅਦ ਕੈਪਟਨ ਸਰਕਾਰ ਨੇ ਹਾਲ ਹੀ ਵਿੱਚ ਬੇਅਦਬੀ ਮਾਮਲੇ ਦੀ ਜਾਂਚ ਲਈ ਇੱਕ ਨਵੀਂ ਐਸਆਈਟੀ ਬਣਾਈ ਹੈ। ਇਸ ਐਸਆਈਟੀ ਨੇ ਪਿਛਲੇ ਦਿਨੀਂ ਵੀ ਸੈਣੀ ਤੋਂ ਪੁੱਛਗਿੱਛ ਕੀਤੀ ਸੀ।


29 ਸਾਲ ਪਹਿਲਾਂ ਸੀਨੀਅਰ ਆਈਏਐਸ ਅਧਿਕਾਰੀ ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਦੇ ਲਾਪਤਾ ਹੋਣ ਦੇ ਮਾਮਲੇ 'ਚ ਸੁਮੇਧ ਸਿੰਘ ਸੈਣੀ ਵਿਰੁੱਧ ਕਤਲ ਦਾ ਕੇਸ ਵੀ ਹੈ। ਇਸ ਮਾਮਲੇ 'ਚ ਸੈਣੀ ਨੂੰ ਸੁਪਰੀਮ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲ ਗਈ ਹੈ।