ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਸੋਹਾਣਾ ਵਿੱਚ ਕਬੱਡੀ ਟੂਰਨਾਮੈਂਟ ਦੌਰਾਨ ਪ੍ਰਮੋਟਰ ਅਤੇ ਖਿਡਾਰੀ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ਦੀ ਸਿਰ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅੱਜ 16 ਦਸੰਬਰ ਨੂੰ ਉਨ੍ਹਾਂ ਦੇ ਸ਼ਵ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਸ਼ਾਮ ਤੱਕ ਅੰਤਿਮ ਸੰਸਕਾਰ ਹੋ ਸਕਦਾ ਹੈ।

Continues below advertisement

ਇਸ ਗੈਂਗ ਨੇ ਪੋਸਟ ਪਾ ਲਈ ਜ਼ਿੰਮੇਵਾਰੀ

ਇਸ ਮਾਮਲੇ ਵਿੱਚ ਮੋਹਾਲੀ ਪੁਲਿਸ ਨੇ ਹਮਲਾਵਰਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ। ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਸ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਏਬੀਪੀ ਸਾਂਝਾ ਇਸ ਵਾਇਰਲ ਹੋ ਰਹੀ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ। ਇਸ ਮਾਮਲੇ ਦੀ ਜਾਂਚ ਲਈ ਐਂਟੀ ਗੈਂਗਸਟਰ ਟਾਸਕ ਫੋਰਸ, ਕ੍ਰਾਈਮ ਬ੍ਰਾਂਚ, ਮੋਹਾਲੀ ਪੁਲਿਸ ਅਤੇ ਸਾਇਬਰ ਸੈਲ ਦੀਆਂ ਟੀਮਾਂ ਜੁਟੀਆਂ ਹੋਈਆਂ ਹਨ। 

Continues below advertisement

ਪੁਲਿਸ ਨੇ ਸੋਮਵਾਰ ਰਾਤ ਭਰ ਸੋਹਾਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਉਹਨਾਂ ਸਾਰੀਆਂ ਥਾਵਾਂ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ, ਜਿਥੋਂ ਹਮਲਾਵਰਾਂ ਦੀਆਂ ਗੱਡੀਆਂ ਗੁਜ਼ਰੀਆਂ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਬੋਲੇਰੋ ਗੱਡੀ ਵਿੱਚ ਆਏ ਸਨ, ਹਾਲਾਂਕਿ ਮੌਕੇ ‘ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਬਾਈਕਾਂ ‘ਤੇ ਭੱਜਦੇ ਹੋਏ ਵੀ ਦੇਖਿਆ।

ਗੈਂਗਸਟਰਾਂ ਨੇ ਪੋਸਟ ਕਰਕੇ ਇਹ ਗੱਲਾਂ ਲਿਖੀਆਂ…

ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਕੀਤੀ ਗਈ ਪੋਸਟ ਵਿੱਚ ਲਿਖਿਆ ਗਿਆ ਹੈ ਕਿ ''ਅੱਜ ਮੋਹਾਲੀ ਵਿੱਚ ਕਬੱਡੀ ਕੱਪ ਦੌਰਾਨ ਰਾਣਾ ਬਲਾਚੌਰੀਆ ਦਾ ਜੋ ਕਤਲ ਹੋਇਆ ਹੈ, ਉਸ ਦੀ ਜ਼ਿੰਮੇਵਾਰੀ ਮੈਂ ਡੋਨੀਬਲ, ਸ਼ਗਨਪ੍ਰੀਤ (ਜਿਸ ਨੂੰ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਉਸ ਦਾ ਮੈਨੇਜਰ ਦੱਸਿਆ ਗਿਆ ਸੀ), ਮੋਹੱਬਤ ਰੰਧਾਵਾ, ਅਮਰ ਖੱਬੇ, ਪ੍ਰਭਦਾਸੂਵਾਲ ਅਤੇ ਕੌਸ਼ਲ ਚੌਧਰੀ ਲੈਂਦੇ ਹਾਂ। ਪੋਸਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ (ਰਾਣਾ) ਵਿਅਕਤੀ ਸਾਡੇ ਐਂਟੀ ਜੱਗੂ ਅਤੇ ਲਾਰੈਂਸ ਨਾਲ ਸਾਂਝ ਰੱਖਦਾ ਸੀ।''

 

ਇਸ ਨੇ ਮੂਸੇਵਾਲਾ ਦੇ ਕਾਤਲਾਂ ਦਾ ਸਾਥ ਦਿੱਤਾ:

ਏਬੀਪੀ ਸਾਂਝਾ ਇਸ ਵਾਇਰਲ ਹੋ ਰਹੀ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ। ਪੋਸਟ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਇਸ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਰਹਿਣ ਲਈ ਥਾਂ ਦਿਵਾਈ ਸੀ ਅਤੇ ਖੁਦ ਉਨ੍ਹਾਂ ਦੀ ਦੇਖਭਾਲ ਵੀ ਕੀਤੀ ਸੀ। ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅੱਜ ਰਾਣਾ ਨੂੰ ਮਾਰ ਕੇ ਅਸੀਂ ਆਪਣੇ ਭਰਾ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਬਦਲਾ ਲਿਆ ਹੈ। ਇਸ ਵਿੱਚ ਇਹ ਵੀ ਲਿਖਿਆ ਹੈ ਕਿ ਇਹ ਕੰਮ ਸਾਡੇ ਭਰਾ ਮੱਖਣ ਅੰਮ੍ਰਿਤਸਰ ਅਤੇ ਡਿਫ਼ਾਲਟਰ ਕਰਨ ਨੇ ਕੀਤਾ ਹੈ।

ਗੈਂਗਸਟਰਾਂ ਨੇ ਪੋਸਟ ਵਿੱਚ ਅੱਗੇ ਲਿਖਿਆ ਹੈ ਕਿ ਬਾਕੀ, ਅੱਜ ਤੋਂ ਸਾਰੇ ਖਿਡਾਰੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬੇਨਤੀ ਹੈ ਕਿ ਕੋਈ ਵੀ ਜੱਗੂ ਅਤੇ ਹੈਰੀ ਦੀ ਟੀਮ ਵਿੱਚ ਨਾ ਖੇਲੇ। ਨਹੀਂ ਤਾਂ ਨਤੀਜੇ ਐਸੇ ਹੀ ਮਿਲਣਗੇ। ਅਸੀਂ ਕਬੱਡੀ ਤੋਂ ਕੋਈ ਐਲਰਜੀ ਨਹੀਂ ਰੱਖਦੇ। ਸਿਰਫ਼ ਜੱਗੂ ਅਤੇ ਹੈਰੀ ਦੀ ਕਬੱਡੀ ਵਿੱਚ ਕੋਈ ਦਖ਼ਲ ਅੰਦਾਜ਼ੀ ਨਹੀਂ ਚਾਹੀਦੀ। ਵੈਟ ਐਂਡ ਵੌਚ।

ਪੋਸਟ ਦੇ ਅੰਤ ਵਿੱਚ ਗੋਪੀ ਘਨਸ਼ਿਆਮਪੁਰੀਆ ਗਰੁੱਪ, ਮਘਨਸ਼ਿਆਮਪੁਰ, ਦਵਿੰਦਰ ਬੰਬੀਹਾ ਗਰੁੱਪ, ਪਵਨ ਸ਼ਕੀਲ, ਰਾਣਾ ਬਾਈ, ਆਫ਼ਰੀਦੀ ਤੂਤ, ਮਨਜੋਤ ਸਿੱਧੂ ਐਚਆਰ ਅਤੇ ਰਾਣਾ ਕੰਦੋਵਾਲ ਦੇ ਨਾਮ ਲਿਖੇ ਗਏ ਹਨ।

ਪੁਲਿਸ ਨੇ ਆਖੀ ਇਹ ਗੱਲ

ਮੋਹਾਲੀ ਦੇ SSP ਹਰਮਨਦੀਪ ਸਿੰਘ ਹੰਸ ਨੇ ਕਿਹਾ ਕਿ ਸਿਰਫ਼ ਪ੍ਰਮੋਟਰ ਨੂੰ ਹੀ ਗੋਲੀ ਲੱਗੀ। ਜਦ ਲੋਕਾਂ ਨੇ ਪਿਛਾ ਕੀਤਾ ਤਾਂ ਬਦਮਾਸ਼ਾਂ ਨੇ 2-3 ਰਾਉਂਡ ਫਾਇਰਿੰਗ ਕੀਤੀ। ਇਸ ਘਟਨਾ ਦੀ ਰੰਜਿਸ਼ ਦੀ ਵਜ੍ਹਾ ਅਜੇ ਤੱਕ ਸਾਹਮਣੇ ਨਹੀਂ ਆਈ ਹੈ। ਇਸ ਵਿੱਚ ਗੈਂਗਸਟਰ ਦੀ ਸ਼ਾਮਿਲਤਾ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।

ਬਦਮਾਸ਼ਾਂ ਨੇ 4 ਤੋਂ 5 ਗੋਲੀਆਂ ਚਲਾਈਆਂ

ਸਾਨੂੰ ਫਾਇਰਿੰਗ ਦੀ ਸੂਚਨਾ ਮਿਲੀ। ਮੌਕੇ ‘ਤੇ ਪਹੁੰਚਣ ‘ਤੇ ਪਤਾ ਚੱਲਿਆ ਕਿ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਨੂੰ ਗੋਲੀ ਲੱਗੀ। ਉਸ ‘ਤੇ 4 ਤੋਂ 5 ਗੋਲੀਆਂ ਚਲਾਈਆਂ ਗਈਆਂ। ਹਾਲਾਂਕਿ, ਉਸ ਨੂੰ ਕਿੰਨੀਆਂ ਗੋਲੀਆਂ ਲੱਗੀਆਂ, ਇਹ ਅਜੇ ਨਹੀਂ ਕਿਹਾ ਜਾ ਸਕਦਾ।

ਬਦਮਾਸ਼ ਸੈਲਫੀ ਲੈਣ ਦੇ ਬਹਾਨੇ ਫੈਨ ਬਣ ਕੇ ਉਸ ਦੇ ਨੇੜੇ ਆਏ ਸਨ ਅਤੇ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ। ਅਜੇ ਬੋਲੇਰੋ ਦੀ ਗੱਲ ਸਾਹਮਣੇ ਆਈ ਹੈ, ਪਰ ਲੋਕਾਂ ਨੇ ਬਾਈਕ ‘ਤੇ ਵੀ ਕੁਝ ਲੋਕਾਂ ਨੂੰ ਭੱਜਦੇ ਹੋਏ ਦੇਖਿਆ। ਹਮਲਾਵਰ 3 ਤੋਂ 4 ਸਨ।

ਅਜੇ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਦੀ ਬੰਬੀਹਾ ਗੈਂਗ ਨਾਲ ਰੰਜਿਸ਼ ਸੀ। ਇਸ ਦਾ ਲੱਕੀ ਪਟਿਆਲਾ ਨਾਲ ਕੋਈ ਝਗੜਾ ਸੀ। ਹਾਲਾਂਕਿ, ਅਜੇ ਸਾਰੇ ਪੱਖਾਂ ਤੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।