ਚੰਡੀਗੜ੍ਹ: ਨਵੇਂ ਸਾਲ ਦੇ ਪਹਿਲੇ ਹਫ਼ਤੇ ਹੀ ਮੌਸਮ 'ਚ ਵੱਡਾ ਬਦਲਾਅ ਆਏਗਾ। ਮੌਸਮ ਵਿਭਾਗ ਮੁਤਾਬਕ 2 ਤੋਂ 4 ਜਨਵਰੀ ਤੱਕ ਹਲਕੇ ਮੀਂਹ ਦੀ ਸੰਭਾਵਨਾ ਹੈ। ਜਦਕਿ 5 ਤੋਂ 6 ਜਨਵਰੀ ਵਿਚਾਲੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ। ਆਬੋ-ਹਵਾ ਲਈ ਮੀਂਹ ਚੰਗਾ ਹੈ ਕਿਉਂਕਿ ਧੁੰਦ ਕਾਰਨ ਜੋ ਸ਼ਹਿਰ ਉਪਰ ਸਮੌਗ ਦੀ ਚਾਦਰ ਬਣ ਗਈ ਹੈ, ਉਸ ਨੂੰ ਬਾਰਸ਼ ਠੀਕ ਕਰੇਗੀ।


ਮੌਸਮ ਵਿਭਾਗ ਮੁਤਾਬਕ 15 ਜਨਵਰੀ ਤੱਕ ਸੀਤ ਲਹਿਰ ਜਾਰੀ ਰਹੇਗੀ ਹਾਲਾਂਕਿ ਦਿਨ ਵੇਲੇ ਧੁੱਪ ਨਾਲ ਇਸ ਤੋਂ ਥੋੜ੍ਹੀ ਰਾਹਤ ਮਿਲੇਗੀ। ਸੀਤ ਲਹਿਰ ਤੇ ਸੰਘਣੀ ਧੁੰਦ ਕਾਰਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਬਠਿੰਡਾ 'ਚ ਰਾਤ ਦਾ ਪਾਰਾ 0 ਡਿਗਰੀ ਤੱਕ ਪਹੁੰਚ ਗਿਆ।

ਵੀਰਵਾਰ ਰਾਤ ਨੂੰ ਜਲੰਧਰ 'ਚ ਪਾਰਾ 3.5 ਡਿਗਰੀ ਰਿਹਾ, ਜੋ ਦਿਨ ਵੇਲੇ 14.1 ਡਿਗਰੀ ਸੀ ਪਰ ਮੱਧ ਗਤੀ ਨਾਲ ਚੱਲਣ ਵਾਲੀਆਂ ਹਵਾਵਾਂ ਤੇ ਬੱਦਲਵਾਈ ਨੇ ਲੋਕਾਂ ਨੂੰ ਕਾਂਬਾ ਛੇੜੀ ਰੱਖਿਆ। ਸਵੇਰੇ 10:30 ਵਜੇ ਤੱਕ ਧੁੰਦ ਜਾਰੀ ਰਹੀ ਜਿਸ ਮਗਰੋ ਸ਼ਾਮ 4 ਵਜੇ ਤੋਂ ਬਾਅਦ ਪਾਰਾ ਫਿਰ ਡਿੱਗਾ। ਜਲੰਧਰ ਦਾ ਏਅਰ ਕੁਆਲਟੀ ਇੰਡੈਕਸ 145 ਤੇ ਪਹੁੰਚ ਗਿਆ।

ਦੱਸ ਦਈਏ ਕਿ ਧੁੰਦ ਕਾਰਨ ਗੱਡੀਆਂ ਤੋਂ ਨਿਕਲਣ ਵਾਲਾ ਧੂੰਆਂ ਆਸਮਾਨ ਵੱਲ ਨਹੀਂ ਜਾ ਰਿਹਾ ਜਿਸ ਨਾਲ ਉਸਦੀ ਸਮੌਗ ਬਣ ਰਹੀ ਹੈ। ਜਨਵਰੀ 'ਚ ਪਿਛਲੇ 3 ਸਾਲ ਤੋਂ 5-6 ਵਾਰ ਬਾਰਸ਼ ਹੋ ਜਾਂਦੀ ਹੈ। ਇਸ ਸਾਲ ਪਹਿਲੇ ਹਫਤੇ 'ਚ ਹੀ ਹੈ।

ਰਾਜਸਥਾਨ ਦੇ 11 ਜ਼ਿਲ੍ਹਿਆਂ ਵਿੱਚ ਪਾਰਾ 5 ਡਿਗਰੀ ਤੋਂ ਘੱਟ ਚੱਲ ਰਿਹਾ ਹੈ, ਜਦੋਂਕਿ ਹਰਿਆਣਾ ਦੇ ਹਿਸਾਰ ਵਿੱਚ ਵੀਰਵਾਰ ਨੂੰ ਪਿਛਲੇ 24 ਸਾਲਾਂ ਦੀ ਸਭ ਤੋਂ ਠੰਢੀ ਰਾਤ ਰਹੀ। ਮੌਸਮ ਵਿਭਾਗ ਨੇ ਮੱਧ ਪ੍ਰਦੇਸ਼ ਤੇ ਪੰਜਾਬ ਵਿੱਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਐਮਪੀ ਦੇ ਕਈ ਜ਼ਿਲ੍ਹਿਆਂ ਵਿੱਚ ਵੀ ਮੀਂਹ ਨਾਲ ਗੜੇਮਾਰੀ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ।

ਕਾਂਬਾ ਛੇੜਣ ਵਾਲੀ ਠੰਢ 'ਚ ਹੁਣ ਹਰਿਆਣਾ ਵੀ ਦਸਤਕ ਦੇ ਚੁੱਕਾ ਹੈ। ਰਾਤ ਦਾ ਪਾਰਾ ਆਮ ਨਾਲੋਂ 8 ਡਿਗਰੀ ਹੇਠਾਂ ਪਹੁੰਚ ਗਿਆ ਹੈ। ਹਿਸਾਰ ਵਿੱਚ ਪਾਰਾ ਘੱਟ ਤੋਂ ਘੱਟ 1.2 ਡਿਗਰੀ ਰਿਹਾ। ਇਹ 24 ਸਾਲਾਂ ਵਿੱਚ ਦਸੰਬਰ ਵਿੱਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 10 ਦਸੰਬਰ 1996 ਨੂੰ ਤਾਪਮਾਨ -1.8 ਡਿਗਰੀ ਸੀ। ਇਸ ਦੇ ਨਾਲ ਹੀ ਕਰਨਾਲ ਵਿੱਚ ਦਿਨ ਦਾ ਤਾਪਮਾਨ 12.9 ਡਿਗਰੀ ਰਿਹਾ ਜੋ ਆਮ ਨਾਲੋਂ 6 ਡਿਗਰੀ ਘੱਟ ਹੈ।