ਖਰੜ/ ਚੰਡੀਗੜ੍ਹ: ਰਾਸ਼ਟਰੀ ਸਿਹਤ ਮਿਸ਼ਨ (ਐਨ.ਐਚ.ਐਮ)  ਪੰਜਾਬ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਮੰਗਾਂ ਮੰਨਣ ਦਾ ਸਮਰਥਨ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਆਉਂਦੀਆਂ ਚੋਣਾ ’ਚ ‘ਆਪ’ ਸਰਕਾਰ ਬਣਨ ’ਤੇ ਐਨ.ਐਚ.ਐਮ ਕਰਮਚਾਰੀਆਂ ਨੂੰ ਪੱਕਾ (ਰੈਗੂਲਰ) ਕੀਤਾ ਜਾਵੇਗਾ। 


ਮੰਗਲਵਾਰ ਨੂੰ ਖਰੜ ਵਿਖੇ ਹਰਪਾਲ ਸਿੰਘ ਚੀਮਾ ਅਤੇ ‘ਆਪ’ ਯੂਥ ਵਿੰਗ ਪੰਜਾਬ ਦੀ ਸਹਿ ਪ੍ਰਧਾਨ ਅਤੇ ਹਲਕਾ ਖਰੜ ਦੀ ਇਨਚਾਰਜ  ਅਨਮੋਲ ਗਗਨ ਮਾਨ ਨੇ ਐਨ.ਐਚ.ਐਮ ਕਰਮਚਾਰੀਆਂ ਦੇ ਸੂਬਾ ਪੱਧਰੀ ਧਰਨੇ ਵਿੱਚ ਸ਼ਾਮਲ ਹੋਏ ਅਤੇ ਧਰਨਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਧਰਨੇ ਵਿੱਚ ਸਿਹਤ ਵਿਭਾਗ ਦੇ ਅਧਿਕਾਰੀ, ਡਾਕਟਰ, ਨਰਸਾਂ, ਕਰਲਕ ਅਤੇ ਐਨ.ਐਚ.ਐਮ ਦੇ ਕਰਮਚਾਰੀਆਂ ਨੇ ਸਮੂਲੀਅਤ ਕੀਤੀ ਸੀ। ਇਸ ਮੌਕੇ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਐਨ.ਐਚ.ਐਮ ਤਹਿਤ ਕਰੀਬ 12 ਹਜ਼ਾਰ ਕਰਮਚਾਰੀ ਪਿੱਛਲੇ 12- 15 ਸਾਲਾਂ ਤੋਂ ਬਹੁਤ ਹੀ ਘੱਟ ਤਨਖ਼ਾਹ ’ਤੇ ਕੰਮ ਕਰ ਰਹੇ ਹਨ। ਸਰਕਾਰਾਂ ਨੇ ਲੰਮੇ ਸਮੇਂ ਤੱਕ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਪੱਕਾ ਨਹੀਂ ਕੀਤਾ ਅਤੇ ਹੁਣ ਇਹ ਕਰਮਚਾਰੀ ਆਪਣੀ ਨੌਕਰੀ ਪੱਕੀ ਕਰਾਉਣ ਅਤੇ ਚੰਗੀ ਤਨਖ਼ਾਹ ਦੀ ਮੰਗ ਕਰਦੇ ਹਨ, ਜੋ ਬਿਲਕੁੱਲ ਵਾਜ਼ਿਬ ਹੈ।


ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਤਾਂ ਹੁਣ  ‘ਐਲਾਨਜੀਤ ਮੁੱਖ ਮੰਤਰੀ’ ਬਣ ਚੁੱਕੇ ਹਨ, ਜੋ ਕੇਵਲ ਐਲਾਨ ਹੀ ਕਰਦੇ ਹਨ ਲੇਕਿਨ ਅਸਲ ਵਿੱਚ ਕੋਈ ਕੰਮ ਨਹੀਂ ਕਰਦੇ। ਉਨ੍ਹਾਂ ਕਿਹਾ, ‘‘ਚੰਨੀ ਇੱਕ ਕਮਜ਼ੋਰ ਮੁੱਖ ਮੰਤਰੀ ਹੈ, ਜਿਸ ਕੋਲ ਪੰਜਾਬ ਨੂੰ ਬਚਾਉਣ ਲਈ ਕੋਈ ਵਿਜ਼ਨ ਨਹੀਂ ਹੈ। ਉਨ੍ਹਾਂ ਕੋਲ ਸਿਹਤ, ਸਿੱਖਿਆ ਬਾਰੇ ਕੋਈ ਨੀਤੀ ਨਹੀਂ। ਸਿਹਤ ਵਿਭਾਗ ਤਾਂ ਕੇਵਲ ਕਰਮਚਾਰੀਆਂ ਦੇ ਸਮਰਪਣ ਅਤੇ ਸ਼ਖਤ ਮਿਹਨਤ ਕਰਕੇ ਚੱਲ ਰਿਹਾ ਹੈ।’’ 


ਪੰਜਾਬ ਦੇ ਖਜਾਨੇ ਦੀ ਗੱਲ ਕਰਦਿਆਂ ਚੀਮਾ ਨੇ ਕਿਹਾ ਕਿ 1987 ਤੱਕ ਪੰਜਾਬ ਦਾ ਬਜਟ ਹਮੇਸ਼ਾ ਭਰਿਆ ਰਿਹਾ ਹੈ। ਜਦੋਂ ਕਿ 1987 ਤੋਂ 1992 ਤੱਕ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਸੀ, ਉਸ ਸਮੇਂ ਸੂਬੇ ’ਤੇ ਕੇਵਲ 9 ਹਜ਼ਾਰ ਕਰੋੜ ਦਾ ਕਰਜਾ ਸੀ। ਇਸ ਸਮੇਂ ਕੇਂਦਰ ਸਰਕਾਰ, ਪੰਜਾਬ ਨਾਲ ਜੁੜੇ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ 6 ਹਜ਼ਾਰ ਕਰੋੜ ਦਾ ਕਰਜਾ ਮੁਆਫ਼ ਕੀਤਾ ਸੀ ਅਤੇ 1992 ਤੋਂ ਹੁਣ ਤੱਕ ਸਿਰਫ਼  ਦੋ ਪਾਰਟੀਆਂ (ਅਕਾਲੀ ਦਲ ਬਾਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ) ਅਤੇ ਦੋ ਪਰਿਵਾਰਾਂ (ਬਾਦਲ ਅਤੇ ਕੈਪਟਨ) ਨੇ ਪੰਜਾਬ ’ਤੇ ਰਾਜ ਕੀਤਾ ਹੈ। ਉਨ੍ਹਾਂ ਕਿਹਾ ਪੰਜਾਬ ਨੂੰ ਲੁੱਟਣ ਵਾਲੇ ਹੀ ਮੁਲਾਜ਼ਮਾਂ ਨੂੰ ਪੱਕੀਆਂ ਨੌਕਰੀਆਂ ਅਤੇ ਚੰਗੀਆਂ ਤਨਖ਼ਾਹਾਂ ਦੇਣ ਤੋਂ ਭੱਜ ਰਹੇ ਹਨ।


ਅਨਮੋਲ ਗਗਨ ਮਾਨ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਸਿਹਤ ਕਰਮਚਾਰੀਆਂ ਨੂੰ ਆਪਣੀਆਂ ਹੱਕਾਂ ਲਈ ਮੁਸ਼ਕਿਲਾਂ ਨਹੀਂ ਝੱਲਣੀਆਂ ਪੈਣਗੀਆਂ। ਉਨ੍ਹਾਂ ਕਾਂਗਰਸ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਦੇ ਰਾਜ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਤਕਲੀਫ਼ਾਂ ਝੱਲਣੀਆਂ ਪੈਣ ਤਾਂ ਪੰਜਾਬ ਦੇ ਆਮ ਲੋਕਾਂ ਦਾ ਝੁਲਸਣਾ ਤੈਅ ਹੈ।


 


ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ