NIA Raid in Haryana: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੀ ਟੀਮ ਨੇ ਵੀਰਵਾਰ ਸਵੇਰੇ ਹਰਿਆਣਾ ਦੇ ਸੋਨੀਪਤ 'ਚ ਛਾਪੇਮਾਰੀ ਕੀਤੀ। NIA ਦੀ ਟੀਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰਾਂ ਅੰਕਿਤ ਸੇਰਸਾ ਅਤੇ ਪ੍ਰਿਅਵਰਤ ਫੌਜੀ ਦੇ ਘਰ ਪਹੁੰਚੀ। ਇੱਥੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਗਈ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ। ਇਹ ਛਾਪੇਮਾਰੀ ਕਰੀਬ 2 ਘੰਟੇ ਤੱਕ ਚੱਲੀ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲਾ ਸ਼ੂਟਰ ਅੰਕਿਤ ਸੇਰਸਾ ਸੋਨੀਪਤ ਦੇ ਪਿੰਡ ਸੇਰਸਾ ਦਾ ਵਸਨੀਕ ਹੈ ਅਤੇ ਪ੍ਰਿਆਵਰਤ ਫ਼ੌਜੀ ਪਿੰਡ ਗੜ੍ਹੀ ਸਿਸਾਣਾ ਦਾ ਰਹਿਣ ਵਾਲਾ ਹੈ। NIA ਦੀ ਟੀਮ ਸਵੇਰੇ 5 ਵਜੇ ਦੋਹਾਂ ਦੇ ਘਰ ਪਹੁੰਚੀ ਸੀ। ਐਨਆਈਏ ਅਧਿਕਾਰੀਆਂ ਨੇ ਸਥਾਨਕ ਪੁਲਿਸ ਨਾਲ ਮਿਲ ਕੇ ਦੋਵਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਸਵੇਰੇ ਕਰੀਬ 7 ਵਜੇ ਤੱਕ ਜਾਰੀ ਰਹੀ।
ਇਸ ਤੋਂ ਪਹਿਲਾਂ ਵੀ NIA ਨੇ ਦੋਵਾਂ ਗੈਂਗਸਟਰਾਂ ਦੇ ਘਰਾਂ 'ਤੇ ਤਿੰਨ ਵਾਰ ਛਾਪੇਮਾਰੀ ਕੀਤੀ ਸੀ। ਇਸ ਤੋਂ ਇਲਾਵਾ ਸਥਾਨਕ ਪੁਲਿਸ ਵੀ ਇਨ੍ਹਾਂ ਪਿੰਡਾਂ ਵਿੱਚ ਲਗਾਤਾਰ ਗਸ਼ਤ ਕਰਦੀ ਰਹਿੰਦੀ ਹੈ। ਹਾਲਾਂਕਿ ਪਰਿਵਾਰਕ ਮੈਂਬਰ ਫਿਲਹਾਲ ਜਾਂਚ ਬਾਰੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹਨ
ਫਿਰੋਜ਼ਪੁਰ 'ਚ ਤਿੰਨ ਥਾਵਾਂ 'ਤੇ ਛਾਪੇ
ਫ਼ਿਰੋਜ਼ਪੁਰ 'ਚ ਵੀ ਤਿੰਨ ਥਾਵਾਂ 'ਤੇ NIA ਵੱਲੋਂ ਤੜਕਸਾਰ ਛਾਪੇਮਾਰੀ ਕੀਤੀ ਗਈ। ਕੇਂਦਰੀ ਟੀਮ ਦੇ ਨਾਲ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਮੌਜੂਦ ਸਨ। ਰੇਡ ਸਬੰਧੀ ਅਧਿਕਾਰੀਆਂ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। NIA ਨੇ ਅੱਜ ਸਵੇਰੇ ਫਿਰੋਜ਼ਪੁਰ ਦੇ ਬਾਬਾ ਰਾਮ ਲਾਲ ਨਗਰ 'ਚ ਸੁਖਦੀਪ ਸਿੰਘ ਦੇ ਘਰ ਛਾਪਾ ਮਾਰਿਆ।
ਸੁਖਦੀਪ ਸਿੰਘ ਦੀ ਪਤਨੀ ਨੇ ਦੱਸਿਆ ਕਿ NIA ਨਸ਼ੇ ਦੇ ਸਬੰਧ 'ਚ ਘਰ ਦੀ ਜਾਂਚ ਕਰ ਰਹੀ ਸੀ ਅਤੇ ਘਰ ਦੀ ਤਲਾਸ਼ੀ ਵੀ ਲਈ ਸੀ ਪਰ ਮੇਰੇ ਪਤੀ ਨੇ ਅਜਿਹਾ ਕੁਝ ਵੀ ਨਹੀਂ ਕੀਤਾ। ਮੇਰੇ ਪਤੀ ਇੱਕ ਪ੍ਰਾਈਵੇਟ ਬੱਸ ਵਿੱਚ ਚੈਕਰ ਵਜੋਂ ਕੰਮ ਕਰਦਾ ਸੀ ਪਰ ਹੁਣ ਉਹ ਕੰਮ ਛੱਡ ਚੁਕਿਆ ਹੈ। ਤਸਕਰਾਂ ਨਾਲ ਕਿਸੇ ਵੀ ਤਰ੍ਹਾ ਦੇ ਸਬੰਧ ਨਹੀਂ ਹਨ।
ਇਸ ਦੇ ਨਾਲ ਹੀ NIA ਨੇ ਇੱਕ ਸਰਕਾਰੀ ਅਧਿਆਪਕ ਦੇ ਘਰ ਵੀ ਛਾਪੇਮਾਰੀ ਕੀਤੀ ਹੈ। ਇਹ ਸਰਕਾਰੀ ਅਧਿਆਪਕ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕਰਦਾ ਹੈ।
ਬਠਿੰਡਾ ਵੀ ਪਹੁੰਚੀ NIA
ਬਠਿੰਡਾ ਵਿੱਚ ਵੀ NIA ਦੇ ਟੀਮ ਨੇ ਦਬਿਸ਼ ਦਿੱਤੀ ਹੈ। ਬਠਿੰਡਾ 'ਚ ਗੈਂਗਸਟਰ ਹੈਰੀ ਮੌੜ ਦੇ ਘਰ NIA ਨੇ ਛਾਪੇਮਾਰੀ ਕੀਤੀ ਹੈ। NIA ਨੇ ਗੈਂਗਸਟਰ ਹੈਰੀ ਮੌੜ ਦੇ ਘਰ ਨੂੰ ਸੀਲ ਕਰ ਦਿੱਤਾ ਹੈ। ਹੈਰੀ ਮੌੜ ਦਾ ਨਾ ਕਈ ਵੱਡੇ ਅਪਰਾਧਾਂ ਵਿੱਚ ਸ਼ਾਮਲ ਹੈ।