NIA Raid Punjab: ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਅੱਜ ਪੰਜਾਬ ਤੇ ਹਰਿਆਣਾ ਸਣੇ ਛੇ ਸੂਬਿਆਂ ਵਿੱਚ ਵੱਡਾ ਐਕਸ਼ਨ ਕੀਤਾ ਹੈ। ਐਨਆਈਏ ਨੇ ਛੇ ਰਾਜਾਂ ਵਿੱਚ ਇੱਕੋ ਸਮੇਂ 120 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਐਕਸ਼ਨ ਗੈਂਗਸਟਰਾਂ ਤੇ ਅੱਤਵਾਦੀਆਂ ਦੇ ਗਠਜੋੜ ਨੂੰ ਤੋੜਨ ਲਈ ਕੀਤਾ ਗਿਆ ਹੈ।


ਹਾਸਲ ਜਾਣਕਾਰੀ ਮੁਤਾਬਕ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਅੱਜ ਤੜਕੇ 5 ਵਜੇ ਦੇ ਕਰੀਬ ਕੋਟਕਪੂਰਾ ਰੋਡ ਸਥਿਤ 13 ਨੰਬਰ ਗਲੀ ਵਿੱਚ ਐਨਆਈਏ ਵੱਲੋਂ ਛਾਪੇਮਾਰੀ ਕੀਤੀ ਗਈ। ਮਕਾਨ ਮਾਲਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਨਆਈਏ ਦੀ ਟੀਮ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਪਰ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਲਾਗੇ ਬਪਰੋਰ ਪਿੰਡ ਵਿੱਚ ਨਰਿੰਦਰ ਦੇ ਘਰ ਵੀ ਰੇਡ ਹੋਈ। ਸਨੌਰ ਦੇ ਪਿੰਡ ਖ਼ਾਸੀਆਂ ਵਿੱਚ ਜਤਿੰਦਰ ਨਾਮੀ ਵਿਅਕਤੀ ਦੇ ਘਰ ਛਾਪਾ ਮਾਰਿਆ ਗਿਆ। ਇਸ ਤੋਂ ਇਲਾਵਾ ਘਨੌਰ ਹਲਕੇ ਦੇ ਗੋਪਾਲਪੁਰ ਪਿੰਡ ਵਿੱਚ ਵੀ ਰੇਡ ਹੋਈ।


ਇਸੇ ਤਰ੍ਹਾਂ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੀ ਟੀਮ ਨੇ ਬੁੱਧਵਾਰ ਸਵੇਰੇ ਹਰਿਆਣਾ ਦੇ ਸਿਰਸਾ, ਝੱਜਰ, ਬਹਾਦਰਗੜ੍ਹ, ਗੁਰੂਗ੍ਰਾਮ, ਸੋਨੀਪਤ, ਕਰਨਾਲ, ਅੰਬਾਲਾ ਤੇ ਕੁਝ ਹੋਰ ਥਾਵਾਂ 'ਤੇ ਛਾਪੇ ਮਾਰੇ। ਸੂਤਰਾਂ ਮੁਤਾਬਕ ਜਿਨ੍ਹਾਂ ਦੇ ਘਰਾਂ ਤੇ ਛੁਪਣਗਾਹਾਂ 'ਤੇ ਛਾਪੇ ਮਾਰੇ ਗਏ ਹਨ, ਉਨ੍ਹਾਂ ਦੇ ਗੈਂਗਸਟਰਾਂ ਨਾਲ ਸਬੰਧ ਦੱਸੇ ਜਾ ਰਹੇ ਹਨ।


ਸੂਤਰਾਂ ਮੁਤਾਬਕ ਗੁਰੂਗ੍ਰਾਮ 'ਚ ਡਿਬਰੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਦੇ ਕਰੀਬੀ ਖਾਲਿਸਤਾਨੀ ਸਮਰਥਕ ਤੇ ਕੌਸ਼ਲ ਚੌਧਰੀ ਦੇ ਗੁਰਗੇ ਸੁਧੀਰ ਉਰਫ਼ ਖੂਟੀ ਦੇ ਘਰ ਰੇਡ ਜਾਰੀ ਹੈ। ਦੂਜੇ ਪਾਸੇ NIA ਨੇ ਸਿਰਸਾ ਦੇ ਡੱਬਵਾਲੀ ਵਿੱਚ ਕਾਂਗਰਸੀ ਆਗੂ ਜੱਗਾ ਬਰਾੜ ਦੇ ਘਰ ਛਾਪਾ ਮਾਰਿਆ ਹੈ। ਸੋਨੀਪਤ ਵਿੱਚ ਲਾਰੈਂਸ ਗੈਂਗ, ਅੰਬਾਲਾ ਵਿੱਚ ਬੰਟੀ ਕੌਸ਼ਲ, ਕਰਨਾਲ ਵਿੱਚ ਗੁਰਤੇਜ ਸਿੰਘ ਤੋਂ ਸਵੇਰੇ 5 ਵਜੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


ਗੁਰੂਗ੍ਰਾਮ 'ਚ ਦੋ ਥਾਵਾਂ 'ਤੇ NIA ਦੀ ਤਲਾਸ਼ੀ ਜਾਰੀ ਹੈ। ਇਸ ਨੇ ਸੈਕਟਰ-31 ਸਥਿਤ ਡਿਬਰੂਗੜ੍ਹ ਜੇਲ ਵਿੱਚ ਬੰਦ ਅੰਮ੍ਰਿਤਪਾਲ ਦੇ ਨਜ਼ਦੀਕੀ ਖਾਲਿਸਤਾਨੀ ਸਮਰਥਕ ਤੇ ਕਾਰੋਬਾਰੀ ਤੇ ਗੈਂਗਸਟਰ ਕੌਸ਼ਲ ਚੌਧਰੀ ਦੇ ਇੱਕ ਹੋਰ ਟਿਕਾਣੇ 'ਤੇ ਛਾਪੇਮਾਰੀ ਕੀਤੀ। ਇਸੇ ਤਰ੍ਹਾਂ ਝੱਜਰ ਜ਼ਿਲ੍ਹੇ ਦੇ ਬਿਸਨ ਪਿੰਡ, ਲਗਰਪੁਰ ਤੇ ਬਹਾਦਰਗੜ੍ਹ ਕਸਬੇ ਵਿੱਚ ਛਾਪੇਮਾਰੀ ਕੀਤੀ ਗਈ ਹੈ। ਇਨ੍ਹਾਂ ਤਿੰਨਾਂ ਥਾਵਾਂ 'ਤੇ ਦਿੱਲੀ ਦੇ ਡੌਨ ਵਜੋਂ ਜਾਣੇ ਜਾਂਦੇ ਗੈਂਗਸਟਰ ਨੀਰਜ ਬਵਾਨਾ ਨਾਲ ਜੁੜੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


ਦੱਸ ਦੇਈਏ ਕਿ ਲਗਰਪੁਰ ਦਿੱਲੀ ਦੇ ਗੈਂਗਸਟਰ ਵਿਕਾਸ ਲਗਾਰਪੁਰੀਆ ਦਾ ਪਿੰਡ ਹੈ। ਵਿਕਾਸ ਲਗਰਪੁਰੀਆ ਦਾ ਨਾਂ ਉਦੋਂ ਚਰਚਾ 'ਚ ਆਇਆ ਸੀ, ਜਦੋਂ ਉਸ ਨੂੰ ਗੁਰੂਗ੍ਰਾਮ 'ਚ 1 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਕਦੀ ਚੋਰੀ ਦੀ ਘਟਨਾ ਸਾਹਮਣੇ ਆਈ ਸੀ, ਜਿਸ 'ਚ ਇਕ ਆਈ.ਪੀ.ਐੱਸ. ਅਫਸਰ ਦੀ ਭੂਮਿਕਾ ਸਾਹਮਣੇ ਆਈ ਸੀ।