Punjab news: ਖੰਨਾ ਪੁਲਿਸ ਵੱਲੋਂ ਬੇਨਕਾਬ ਕੀਤੇ ਗਏ ਅੰਤਰਰਾਸ਼ਟਰੀ ਗੈਂਗਸਟਰ ਮਾਡਿਉਲ ਦੀ ਜਾਂਚ ਐਨ ਆਈ ਏ ਵੱਲੋਂ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਐਨਆਈਏ ਦੀ ਇੱਕ ਟੀਮ ਖੰਨਾ ਪੁੱਜੀ ਹੈ ਤੇ ਇਸ ਦੌਰਾਨ ਐਸਐਸਪੀ ਦਫ਼ਤਰ ਵਿਖੇ ਪੁਲਿਸ ਅਫ਼ਸਰਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਖੰਨਾ ਪੁਲਿਸ ਨੇ ਬੱਬਰ ਖ਼ਾਲਸਾ ਦੇ ਗੈਂਗਸਟਰਾਂ ਅੰਮ੍ਰਿਤ ਬੱਲ, ਪ੍ਰਗਟ ਸੇਖੋਂ ਅਤੇ ਜੱਗੂ ਭਗਵਾਨਪੁਰੀਆ ਦੇ 13 ਗੁਰਗਿਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਸੀ |
ਇਸ ਮਾਮਲੇ 'ਚ ਖੰਨਾ ਪੁਲਿਸ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਜੇਲ੍ਹ ਤੋਂ ਲਿਆਉਣ ਦੀ ਤਿਆਰੀ ਕਰ ਰਹੀ ਸੀ ਕਿ ਇਸ ਤੋਂ ਪਹਿਲਾਂ ਐਨਆਈਏ ਨੇ ਇਸ ਅੰਤਰਰਾਸ਼ਟਰੀ ਗੈਂਗਸਟਰ ਮਾਡਿਊਲ 'ਚ ਐਂਟਰੀ ਕੀਤੀ ਹੈ।
ਜ਼ਿਕਰ ਕਰ ਦਈਏ ਕਿ ਬੀਤੇ ਦਿਨੀਂ ਖੰਨਾ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਬੱਬਰ ਖਾਲਸਾ ਨਾਲ ਜੁੜੇ ਅਤੇ ਵਿਦੇਸ਼ਾਂ 'ਚ ਬੈਠੇ ਗੈਂਗਸਟਰ ਅੰਮ੍ਰਿਤ ਬੱਲ, ਪਰਗਟ ਸੇਖੋਂ ਅਤੇ ਜੱਗੂ ਭਗਵਾਨਪੁਰੀਆ ਦੇ 13 ਗੁਰਗਿਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਦਾ ਇਹ ਆਪ੍ਰੇਸ਼ਨ ਕਰੀਬ ਡੇਢ ਮਹੀਨਾ ਚੱਲਿਆ। ਜਿਸ ਵਿੱਚ 13 ਗੈਂਗਸਟਰਾਂ ਨੂੰ ਕਾਬੂ ਕਰਕੇ ਹਥਿਆਰ ਬਰਾਮਦ ਕੀਤੇ ਗਏ ਹਨ।
ਵਿਦੇਸ਼ਾਂ 'ਚ ਬੈਠੇ ਗੈਂਗਸਟਰ ਇਹਨਾਂ ਵਿਅਕਤੀਆਂ ਨੂੰ ਸ਼ਾਰਪ ਸ਼ੂਟਰ ਬਣਾ ਕੇ ਪੰਜਾਬ ਅੰਦਰ ਟਾਰਗੇਟ ਕਿਲਿੰਗ ਕਰਵਾਉਣਾ ਚਾਹੁੰਦੇ ਸੀ। ਪੰਜਾਬ ਦੇ 5 ਵੱਡੇ ਚਿਹਰਿਆਂ ਨੂੰ ਜਾਨੋਂ ਮਾਰਨ ਦੀ ਤਿਆਰੀ ਸੀ ਤਾਂ ਪਹਿਲਾਂ ਹੀ ਖੰਨਾ ਪੁਲਿਸ ਨੇ ਇਸ ਗੈਂਗ ਨੂੰ ਨੱਥ ਪਾ ਲਈ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਸੀ ਕਿ ਉਨ੍ਹਾਂ ਨੇ 5 ਦਸੰਬਰ ਨੂੰ ਦੋ ਸ਼ੂਟਰ ਗ੍ਰਿਫ਼ਤਾਰ ਕੀਤੇ ਸੀ ਜਿਹਨਾਂ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਉਹ ਅਮਰੀਕਾ ਬੈਠੇ ਗੈਂਗਸਟਰ ਅੰਮ੍ਰਿਤ ਬੱਲ ਉਰਫ ਲਾਡੀ ਨਾਲ ਸਬੰਧਤ ਹਨ। ਅੰਮ੍ਰਿਤ ਬੱਲ ਜੱਗੂ ਭਗਵਾਨਪੁਰੀਆ ਦਾ ਸਾਥੀ ਹੈ ਅਤੇ ਗੋਲਡੀ ਬਰਾੜ ਨਾਲ ਵੀ ਉਸਦੇ ਲਿੰਕ ਹਨ। ਇਸ ਤੋਂ ਬਾਅਦ ਕੜੀ ਦਰ ਕੜੀ ਜੁੜਦੀ ਗਈ ਅਤੇ ਕੁੱਲ 13 ਵਿਅਕਤੀ ਕਾਬੂ ਕੀਤੇ ਗਏ। ਕਾਬੂ ਕੀਤੇ ਵਿਅਕਤੀਆਂ ਤੋਂ ਇਲਾਵਾ ਪੁਲਿਸ ਨੇ ਇਸ ਮੁਕੱਦਮੇ 'ਚ ਅੰਮ੍ਰਿਤਪਾਲ ਸਿੰਘ ਬੱਲ, ਜੱਗੂ ਭਗਵਾਨਪੁਰੀਆ, ਪ੍ਰਗਟ ਸਿੰਘ, ਜੈਕ ਵਾਸੀ ਰਾਜਸਥਾਨ ਅਤੇ ਪ੍ਰਮੋਦ ਨੂੰ ਵੀ ਨਾਮਜਦ ਕੀਤਾ ਹੈ। ਇਹਨਾਂ ਦੀ ਗ੍ਰਿਫਤਾਰੀ ਬਾਕੀ ਹੈ। ਅੰਮ੍ਰਿਤ ਬੱਲ ਤੇ ਪਰਗਟ ਨੂੰ ਵਿਦੇਸ਼ਾਂ ਲਿਆਉਣ ਲਈ ਪ੍ਰਕਿਰਿਆ ਜਾਰੀ ਹੈ। ਰੇਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਹੈ।