ਚੰਡੀਗੜ੍ਹ: ਮੰਗਲਵਾਰ ਤੋਂ ਪੰਜਾਬ ਵਿੱਚ ਇੱਕ ਵਾਰ ਫਿਰ ਨਾਈਟ ਕਰਫਿਊ ਲਾਗੂ ਹੋ ਜਾਵੇਗਾ। ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਘਰਾਂ ਨੂੰ ਛੱਡਣ ਦੀ ਮਨਾਹੀ ਰਹੇਗੀ। ਸੂਬਾ ਸਰਕਾਰ ਨੇ ਇਹ ਕਦਮ ਦਿੱਲੀ-ਐਨਸੀਆਰ ਵਿੱਚ ਕੋਵਿਡ ਦੀ ਸਥਿਤੀ ਦੀ ਗੰਭੀਰਤਾ ਦੇ ਮੱਦੇਨਜ਼ਰ ਚੁੱਕਿਆ ਹੈ। ਹੋਟਲ, ਰੈਸਟੋਰੈਂਟ ਅਤੇ ਮੈਰਿਜ ਪੈਲੇਸ ਰਾਤ 9.30 ਵਜੇ ਤੱਕ ਖੁੱਲ੍ਹੇ ਰਹਿਣਗੇ। ਕਰਫਿਊ 'ਚ ਢਿੱਲ ਦੇਣ ਜਾਂ ਵਧਾਉਣ ਦਾ ਅਗਲਾ ਫੈਸਲਾ 15 ਦਸੰਬਰ ਨੂੰ ਲਿਆ ਜਾਵੇਗਾ।

ਦਿੱਲੀ-ਐਨਸੀਆਰ ਵਿੱਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਤੋਂ ਇਲਾਵਾ ਪੰਜਾਬ ਵਿੱਚ ਰਾਤ ਦਾ ਕਰਫਿਊ ਲਗਾਉਣ ਪਿੱਛੇ ਦੂਜਾ ਸਭ ਤੋਂ ਵੱਡਾ ਕਾਰਨ ਵਿਆਹ ਅਤੇ ਹੋਰ ਕਾਰਜਾਂ ਵਿੱਚ ਵੱਧ ਰਹੀ ਭੀੜ ਹੈ। ਪਿਛਲੇ ਸੱਤ ਦਿਨਾਂ ਤੋਂ ਪੰਜਾਬ ਵਿੱਚ ਕੋਵਿਡ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਪਹਿਲਾਂ, ਕੋਵਿਡ ਦੇ ਮਰੀਜ਼ਾਂ ਦੀ ਔਸਤਨ ਰੋਜ਼ਾਨਾ 300 ਤੋਂ 400 ਤੱਕ ਸੀ, ਜੋ ਹੁਣ ਵੱਧ ਕੇ 700 ਅਤੇ 800 ਦੇ ਵਿਚਕਾਰ ਹੋ ਗਈ ਹੈ।

ਦੱਸ ਦੇਈਏ ਕਿ ਦੀਵਾਲੀ ਤੋਂ ਲੈ ਕੇ ਪੰਜਾਬ ਵਿਚ ਇੱਕ ਵਾਰ ਫਿਰ ਕੋਰੋਨਾਵਾਇਰਸ ਦੇ ਮਾਮਲੇ ਵਧ ਰਹੇ ਹਨ। ਸੂਬੇ ਵਿੱਚ ਸਭ ਤੋਂ ਵੱਧ ਕੋਰੋਨਾ ਨਾਲ ਸੰਕਰਮਿਤ ਮਰੀਜ਼ ਲੁਧਿਆਣਾ ਜ਼ਿਲ੍ਹੇ ਵਿੱਚ ਹਨ। ਪਿਛਲੇ ਨੌਂ ਮਹੀਨਿਆਂ ਦੌਰਾਨ ਲੁਧਿਆਣਾ ਵਿੱਚ 22734 ਸੰਕਰਮਿਤ ਮਰੀਜ਼ਾਂ ਦੀ ਰਿਪੋਰਟ ਕੀਤੀ ਗਈ। ਦੂਜੇ ਨੰਬਰ 'ਤੇ ਜਲੰਧਰ ਹੈ। ਜਲੰਧਰ ਵਿਚ ਹੁਣ ਤਕ 17880 ਲੋਕ ਕੋਰੋਨਾ ਸੰਕਰਮਿਤ ਹੋਏ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗ੍ਰਹਿ ਕਸਬਾ ਪਟਿਆਲਾ ਵਿੱਚ ਵੀ ਕੋਰੋਨਾ ਦਾ ਕੇਸ ਵਧਿਆ ਹੈ। ਪਟਿਆਲੇ ਵਿੱਚ ਕੋਰੋਨਾ ਹੁਣ ਤੱਕ 14509 ਲੋਕਾਂ ਨੂੰ ਆਪਣੀ ਚਪੇਟ ‘ਚ ਲੈ ਚੁੱਕਿਆ ਹੈ। ਸੂਬੇ ਦੇ ਛੋਟੇ ਸ਼ਹਿਰਾਂ ਵਿੱਚ ਵੀ ਕੋਰੋਨਾ ਸੰਕਰਮਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਸਿਹਤ ਵਿਭਾਗ ਮੁਤਾਬਕ ਦਸੰਬਰ ਵਿੱਚ ਕੋਰੋਨਾ ਇੱਕ ਵਾਰ ਫਿਰ ਸਿਖਰ ‘ਤੇ ਪਹੁੰਚ ਸਕਦਾ ਹੈ। ਇਸ ਖਤਰੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਸਾਵਧਾਨੀ ਵਾਲੇ ਕਦਮ ਚੁੱਕ ਰਹੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904