Ram Mandir inauguration: ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਵੱਲੋਂ 22 ਤਰੀਕ ਨੂੰ ਹੋਣ ਵਾਲੇ ਵਿਸ਼ਾਲ ਰਾਮ ਮੰਦਰ ਦੇ ਉਦਘਾਟਨ ਮੌਕੇ ਪੁੱਜਣ ਵਾਲੇ ਵਿਸ਼ਵ ਭਰ ਤੋਂ ਸੰਗਤਾਂ ਲਈ ਲੰਗਰ ਦੀ ਸੇਵਾ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਸੀ, ਉਸ ਲੰਗਰ ਸੇਵਾ ਲਈ ਅੱਜ ਉਨ੍ਹਾਂ ਦੀ ਅਗਵਾਈ ਵਿੱਚ ਚੰਡੀਗੜ੍ਹ ਤੋਂ ਦੋ ਟਰੱਕ ਰਾਸ਼ਨ ਅਤੇ ਹੋਰ ਸਮਾਨ ਦੇ ਭੇਜੇ ਗਏ। ਵਰਨਣਯੋਗ ਹੈ ਕਿ ਬਾਬਾ ਹਰਜੀਤ ਸਿੰਘ ਰਸੂਲਪੁਰ 1885 ਵਿਚ ਬਾਬਰੀ ਢਾਂਚੇ 'ਤੇ ਕਬਜ਼ਾ ਕਰਕੇ ਹਵਨ ਕਰਨ ਵਾਲੇ ਨਿਹੰਗ ਬਾਬਾ ਫਕੀਰ ਸਿੰਘ ਦੇ ਅੱਠਵੇਂ ਵੰਸ਼ਜ ਹਨ।


ਸੈਕਟਰ 26 ਸਥਿਤ ਅਨਾਜ ਮੰਡੀ ਤੋਂ ਰਾਸ਼ਨ ਦੇ 2 ਟਰੱਕਾਂ ਦਾ ਜੱਥਾ ਰਵਾਨਾ ਕਰਦੇ ਹੋਏ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਨਾ ਸਿਰਫ਼ ਉਨ੍ਹਾਂ ਦੇ ਪੁਰਖਿਆਂ ਦੀ ਭਗਵਾਨ ਰਾਮ ਪ੍ਰਤੀ ਸੱਚੀ ਸ਼ਰਧਾ ਅਤੇ ਆਸਥਾ ਸੀ ਬਲਕਿ ਉਨ੍ਹਾਂ ਦੀ ਵੀ ਇਹੋ ਹੀ ਹੈ ਅਤੇ ਇਸੇ ਲਈ ਉਨ੍ਹਾਂ ਕਿਹਾ ਕਿ ਹੁਣ ਜਦੋਂ 22 ਜਨਵਰੀ 2024 ਨੂੰ ਸ੍ਰੀ ਰਾਮ ਮੰਦਰ ਦਾ ਪ੍ਰਕਾਸ਼ ਹੋ ਰਿਹਾ ਹੈ ਤਾਂ ਉਹ ਪਿੱਛੇ ਕਿਵੇਂ ਰਹਿ ਸਕਦੇ ਹਨ।




ਇਸ ਲਈ ਉਨ੍ਹਾਂ ਫੈਸਲਾ ਕੀਤਾ ਕਿ ਉਹ ਆਪਣੇ ਨਿਹੰਗ ਸਿੰਘਾਂ ਨਾਲ ਅਯੁੱਧਿਆ ਵਿਖੇ ਲੰਗਰ ਲਗਾਉਣਗੇ ਅਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੀ ਸੇਵਾ ਕਰਨਗੇ। ਉਨ੍ਹਾਂ ਦੱਸਿਆ ਕਿ 14 ਜਨਵਰੀ ਨੂੰ ਮਾਘੀ ਦੇ ਸ਼ੁਭ ਮੌਕੇ 'ਤੇ ਅਯੁੱਧਿਆ 'ਚ ਲੰਗਰ ਸੇਵਾ ਸ਼ੁਰੂ ਕੀਤੀ ਜਾਵੇਗੀ, ਜੋ ਨਿਰੰਤਰ ਜਾਰੀ ਰਹੇਗੀ।


ਉਨ੍ਹਾਂ ਦੱਸਿਆ ਕਿ ਸਿੱਖਾਂ ਦਾ ਲੰਗਰ ਵਰਤਾਉਣ ਦਾ ਬਹੁਤ ਵੱਡਾ ਇਤਿਹਾਸ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਦਿ ਗੁਰੂ ਨਾਨਕ ਦੇਵ ਜੀ ਨੇ ਲਗਭਗ 15ਵੀਂ ਸਦੀ ਵਿੱਚ ਲੰਗਰ ਦੀ ਸ਼ੁਰੂਆਤ ਕੀਤੀ ਸੀ। ਗੁਰੂ ਨਾਨਕ ਦੇਵ ਜੀ ਜਿੱਥੇ ਵੀ ਜਾਂਦੇ, ਜ਼ਮੀਨ 'ਤੇ ਬੈਠ ਕੇ ਭੋਜਨ ਕਰਦੇ ਸਨ। ਵਿਤਕਰੇ, ਜਾਤ-ਪਾਤ ਅਤੇ ਅੰਧ-ਵਿਸ਼ਵਾਸ ਨੂੰ ਖਤਮ ਕਰਨ ਲਈ ਸਾਰੇ ਲੋਕਾਂ ਦੇ ਇਕੱਠੇ ਬੈਠ ਕੇ ਖਾਣਾ ਖਾਣ ਦੀ ਪਰੰਪਰਾ ਸ਼ੁਰੂ ਕੀਤੀ ਗਈ। ਤੀਜੇ ਗੁਰੂ ਅਮਰਦਾਸ ਜੀ ਨੇ ਲੰਗਰ ਦੀ ਇਸ ਪਰੰਪਰਾ ਨੂੰ ਅੱਗੇ ਤੋਰਿਆ।




ਇਸ ਮੌਕੇ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਮੰਡੀ ਤੋਂ ਅਖਿਲ ਬਾਂਸਲ ਦਾ ਲੰਗਰ ਸੇਵਾ ਵਿੱਚ ਪਾਏ ਯੋਗਦਾਨ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਵੀ ਮੌਜੂਦ ਸਨ।