Nijjar murder case: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨ ਸਮਰਥਕ ਸਿੱਖ ਲੀਡਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ‘ਭਾਰਤ ਸਰਕਾਰ ਦੇ ਏਜੰਟਾਂ’ ਦੀ ਸ਼ਮੂਲੀਅਤ ਦੇ ਦੋਸ਼ ਲਾਏ ਜਾਣ ਮਗਰੋਂ ਪੰਜਾਬ ਵਿੱਚ ਵੀ ਸਿਆਸਤ ਗਰਮਾ ਗਈ ਹੈ। ਇਸ ਮਾਮਲੇ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਬੀਜੇਪੀ ਦੇ ਸੀਨੀਅਰ ਲੀਡਰ ਕੈਪਟਨ ਅਮਰਿੰਦਰ ਸਿੰਘ ਵੱਡਾ ਦਾਅਵਾ ਕੀਤਾ ਹੈ।



ਕੈਨੇਡਾ ਦੇ ਸਬੰਧਾਂ ’ਤੇ ਮੌਜੂਦਾ ਘਟਨਾਕ੍ਰਮ ਬੇਹੱਦ ਚਿੰਤਾਜਨਕ: ਸੁਖਬੀਰ ਬਾਦਲ 
ਸੁਖਬੀਰ ਬਾਦਲ ਨੇ ਭਾਰਤ ਤੇ ਕੈਨੇਡਾ ਸਰਕਾਰ ਦਰਮਿਆਨ ਪੈਦਾ ਹੋਈ ਕੁੜੱਤਣ ਨੂੰ ਚਿੰਤਾਜਨਕ ਕਰਾਰ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬੀਆਂ ਤੇ ਖਾਸ ਕਰ ਕੇ ਸਿੱਖ ਕੌਮ ਨੇ ਦੇਸ਼ ਦੀ ਆਜ਼ਾਦੀ, ਸੁਰੱਖਿਆ ਤੇ ਅਖੰਡਤਾ ਲਈ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਹਨ। ਇਸ ਨਾਲ ਅੱਗੇ ਵੀ ਕਦੇ ਸਮਝੌਤਾ ਨਹੀਂ ਕੀਤਾ ਜਾ ਸਕਦਾ ਪਰ ਭਾਰਤ ਤੇ ਕੈਨੇਡਾ ਦੇ ਸਬੰਧਾਂ ’ਤੇ ਮੌਜੂਦਾ ਘਟਨਾਕ੍ਰਮ ਬੇਹੱਦ ਚਿੰਤਾਜਨਕ ਹੈ ਕਿਉਂਕਿ ਇਹ ਪੰਜਾਬੀ ਸਿੱਖ ਭਾਈਚਾਰੇ ਖਾਸ ਕਰਕੇ ਕੈਨੇਡਾ ਵਿੱਚ ਸਾਡੇ ਨੌਜਵਾਨ ਵਿਦਿਆਰਥੀਆਂ ਦੇ ਜੀਵਨ ਤੇ ਕੰਮਕਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ।



ਕੈਪਟਨ ਵੱਲੋਂ ਭਾਰਤ ਦੀ ਸ਼ਮੂਲੀਅਤ ਦੇ ਦੋਸ਼ਾਂ ਨੂੰ ਝੂਠਾ ਕਰਾਰ 
ਉਧਰ, ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਿੱਝਰ ਕਤਲ ਮਾਮਲੇ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਹੈ। ਕੈਪਟਨ ਨੇ ਕਿਹਾ ਕਿ ਇਹ ਕਤਲ ਕੈਨੇਡਾ ਦੇ ਸਰੀ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅੰਦਰਲੀ ਗੁੱਟਬਾਜ਼ੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਟਰੂਡੋ ਵੋਟ ਬੈਂਕ ਦੀ ਰਾਜਨੀਤੀ ਦੇ ਜਾਲ ਵਿੱਚ ਫਸ ਗਏ ਹਨ ਤੇ ਉਨ੍ਹਾਂ ਨੇ ਭਾਰਤ ਅਤੇ ਕੈਨੇਡਾ ਦੇ ਕੂਟਨੀਤਕ ਸਬੰਧਾਂ ਨੂੰ ਦਾਅ ’ਤੇ ਲਗਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਲਈ ਬਿਨਾਂ ਕਿਸੇ ਸਬੂਤ ਦੇ ਬਿਆਨ ਦੇਣਾ ਗੈਰ-ਜ਼ਿੰਮੇਵਾਰਾਨਾ ਹੈ।


 


ਜਸਟਿਨ ਟਰੂਡੋ ਬੋਲੇ ਗੰਭੀਰਤਾ ਨਾਲ ਲਿਆ ਜਾਵੇ ਮਾਮਲਾ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਹ ਭਾਰਤ ਨੂੰ ‘ਭੜਕਾ’ ਜਾਂ ‘ਤਣਾਅ’ ਨਹੀਂ ਵਧਾ ਰਹੇ, ਪਰ ਨਵੀਂ ਦਿੱਲੀ ਨੂੰ ਅਪੀਲ ਕਰਦੇ ਹਨ ਕਿ ਵੱਖਵਾਦੀ ਸਿੱਖ ਆਗੂ ਦੀ ਹੱਤਿਆ ਨੂੰ ‘ਪੂਰੀ ਗੰਭੀਰਤਾ’ ਨਾਲ ਲਿਆ ਜਾਵੇ। ਟਰੂਡੋ ਨੇ ਕਿਹਾ, ‘ਅਸੀਂ ਸਭ ਸਪੱਸ਼ਟ ਕਰਨ ਲਈ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ, ਤੇ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਾਰੀਆਂ ਪ੍ਰਕਿਰਿਆਵਾਂ ਦਾ ਪਾਲਣ ਹੋਵੇ।’