ਚੰਡੀਗੜ੍ਹ: ਦੁੱਧ ਦੇ ਭਾਅ ਤੇ ਹੋਰ ਮੰਗਾਂ ਨੂੰ ਲੈ ਕੇ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀਡੀਐਫਏ) ਦੇ ਲੀਡਰਾਂ ਦੀ ਮੀਟਿੰਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਹੋਈ। ਮੀਟਿੰਗ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਇਸ ਲਈ ਕੱਲ੍ਹ ਸ਼ਾਮ ਚਾਰ ਵਜੇ ਮੁੜ ਮੀਟਿੰਗ ਹੋਵੇਗੀ। ਮੀਟਿੰਗ ਮਗਰੋਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਨੇ ਕਿਹਾ ਕਿ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀਡੀਐਫਏ) ਦੇ ਲੀਡਰਾਂ ਨਾਲ ਮੀਟਿੰਗ ਹੋਈ ਹੈ। ਅੱਜ ਦੀ ਮੀਟਿੰਗ ਵਿੱਚ ਸਹਿਮਤੀ ਨਹੀਂ ਬਣ ਸਕੀ, ਇਸ ਲਈ ਕੱਲ੍ਹ ਸ਼ਾਮ 4 ਵਜੇ ਦੁਬਾਰਾ ਮੀਟਿੰਗ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਹਰ ਪਹਿਲੂ ਨੂੰ ਗੰਭੀਰਤਾ ਨਾਲ ਘੋਖ ਰਹੀ ਹੈ। ਅਸੀਂ ਹਰ ਮੰਗ 'ਤੇ ਚਰਚਾ ਕਰ ਰਹੇ ਹਾਂ। ਉਮੀਦ ਹੈ ਕਿ ਮਾਮਲਾ ਜਲਦੀ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ 20 ਰੁਪਏ ਪ੍ਰਤੀ ਕਿਲੋ ਫੈਟ ਰੇਟ ਵਧਾਇਆ ਹੈ। ਉਧਰ, ਪੀਡੀਐਫਏ ਦੇ ਪ੍ਰਧਾਨ ਦਲਜੀਤ ਸਿੰਘ ਨੇ ਕਿਹਾ ਕਿ ਮੀਟਿੰਗ ਹਾਂ-ਪੱਖੀ ਰਹੀ ਪਰ ਕੋਈ ਨਤੀਜਾ ਨਹੀਂ ਨਿਕਲਿਆ। ਕੱਲ੍ਹ ਨੂੰ ਦੁਬਾਰਾ ਮਿਲਣਗੇ। ਉਨ੍ਹਾਂ ਕਿਹਾ ਕਿ ਬੈਠਕ 'ਚ ਸਰਕਾਰ ਨੇ ਕਿਹਾ ਕਿ ਅਸੀਂ ਜਿੱਥੋਂ ਪੈਸਾ ਇਕੱਠਾ ਕਰਨਾ ਹੈ, ਉਸ ਲਈ ਡਾਟਾ ਇਕੱਠਾ ਕਰਨਾ ਹੈ, ਇਸ ਲਈ ਕੁਝ ਸਮਾਂ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਲਕੇ ਦੀ ਮੀਟਿੰਗ ਵਿੱਚ ਕੋਈ ਫੈਸਲਾ ਨਾ ਲਿਆ ਗਿਆ ਤਾਂ ਸੰਘਰਸ਼ ਦਾ ਇੱਕੋ ਇੱਕ ਰਸਤਾ ਬਚਿਆ ਹੈ। ਦੱਸ ਦਈਏ ਕਿ ਦੁੱਧ ਉਤਪਾਦਕਾਂ ਵੱਲੋਂ ਫੇਜ਼-6 ਸਥਿਤ ਵੇਰਕਾ ਮਿਲਕ ਪਲਾਂਟ ਦਾ ਘਿਰਾਓ ਕਰਕੇ ਮੁਹਾਲੀ-ਚੰਡੀਗੜ੍ਹ ਮੁੱਖ ਸੜਕ ’ਤੇ ਚੱਕਾ ਜਾਮ ਕਰਕੇ ਸੂਬਾ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ ਸੀ। ਪੰਜਾਬ ਸਰਕਾਰ ਵੱਲੋਂ ਮਿਲਕਫੈੱਡ ਦੇ ਐਮਡੀ ਕਮਲਦੀਪ ਸਿੰਘ ਸੰਘਾ ਨੂੰ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨ ਲਈ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਸੀ। ਅਧਿਕਾਰੀ ਨੇ ਧਰਨੇ ਵਿੱਚ ਪਹੁੰਚ ਕੇ ਦੱਸਿਆ ਕਿ ਮਿਲਕਫੈੱਡ ਪਹਿਲਾਂ ਹੀ ਖ਼ਰੀਦ ਭਾਅ 20 ਰੁਪਏ ਪ੍ਰਤੀ ਕਿੱਲੋ ਫੈਟ ਵਧਾ ਚੁੱਕਾ ਹੈ। ਹੁਣ ਵੀ ਇਸ ’ਤੇ ਕੰਮ ਕੀਤਾ ਜਾ ਰਿਹਾ ਹੈ।
ਦੁੱਧ ਦੇ ਭਾਅ ਵਧਾਉਣ 'ਤੇ ਨਹੀਂ ਬਣੀ ਸਹਿਮਤੀ, ਸਰਕਾਰ ਨਾਲ ਕੱਲ੍ਹ ਮੁੜ ਹੋਏਗੀ ਡੇਅਰੀ ਫਾਰਮਰਜ਼ ਦੀ ਮੀਟਿੰਗ
abp sanjha | 23 May 2022 01:12 PM (IST)
ਦੁੱਧ ਦੇ ਭਾਅ ਤੇ ਹੋਰ ਮੰਗਾਂ ਨੂੰ ਲੈ ਕੇ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀਡੀਐਫਏ) ਦੇ ਲੀਡਰਾਂ ਦੀ ਮੀਟਿੰਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਹੋਈ।
ਸੰਕੇਤਕ ਤਸਵੀਰ