ਚੰਡੀਗੜ੍ਹ: ਨਵੇਂ ਵਾਹਨ ਚਾਲਕ ਖਰੀਦਣ ਵਾਲਿਆਂ ਲਈ ਖਾਸ ਚੇਤਾਵਨੀ ਹੈ। ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਸਟੇਜ-4 ਵਾਹਨ ਰਜਿਸਟਰਡ ਕਰਾਉਣ ਲਈ ਫਾਈਲਾਂ ਜਮ੍ਹਾਂ ਕਰਾਉਣ ਲਈ ਆਖਰੀ ਤਾਰੀਖ 25 ਮਾਰਚ ਹੈ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ 31 ਮਾਰਚ ਤੋਂ ਬਾਅਦ ਭਾਰਤ ਸਟੇਜ-4 ਵਾਹਨ ਰਜਿਸਟਰਡ ਨਹੀਂ ਕੀਤੇ ਜਾਣਗੇ।


ਸਟੇਟ ਟਰਾਂਸਪੋਰਟ ਕਮਿਸ਼ਨ ਪੰਜਾਬ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਪਹਿਲੀ ਅਪਰੈਲ ਤੋਂ ਭਾਰਤ ਸਟੇਜ-4 ਵਾਹਨ ਰਜਿਸਟਰਡ ਨਹੀਂ ਕੀਤੇ ਜਾਣਗੇ। ਭਾਰਤ ਸਟੇਜ-4 ਵੇਰੀਐਂਟ ਵਾਹਨਾਂ ਦੀ ਰਜਿਸਟਰੇਸ਼ਨ ਨਾਲ ਸਬੰਧਤ ਫਾਈਲਾਂ 25 ਮਾਰਚ ਤੱਕ ਜਮ੍ਹਾਂ ਕੀਤੀਆਂ ਜਾਣਗੀਆਂ ਤਾਂ ਜੋ ਅਜਿਹੀਆਂ ਮੋਟਰ ਗੱਡੀਆਂ ਦੀ ਰਜਿਸਟਰੇਸ਼ਨ 31 ਮਾਰਚ ਤੱਕ ਮੁਕੰਮਲ ਕੀਤੀ ਜਾ ਸਕੇ।

ਸਰਕਾਰ ਨੇ ਸਪਸ਼ਟ ਕੀਤਾ ਹੈ ਕਿ 21 ਮਾਰਚ ਨੂੰ ਆਮ ਦਿਨਾਂ ਵਾਂਗ ਦਫ਼ਤਰ ਖੁੱਲ੍ਹਾ ਰਹੇਗਾ। ਇਸ ਦਾ ਮਕਸਦ ਹੈ ਕਿ 31 ਮਾਰਚ ਤੱਕ ਇਹ ਕੰਮ ਮੁਕੰਮਲ ਕੀਤਾ ਜਾ ਸਕੇ। ਮਿਤੀ ਲੰਘਣ ਤੋਂ ਬਾਅਦ ਕਿਸੇ ਵਿਅਕਤੀ, ਫਰਮ ਦਾ ਕੋਈ ਦਾਅਵਾ ਜਾਂ ਇਤਰਾਜ਼ ਨਹੀਂ ਸੁਣਿਆ ਜਾਵੇਗਾ।