ਚੰਡੀਗੜ੍ਹ : ਕੋਰੋਨਾ ਮਰੀਜ਼ਾਂ ਦਾ ਗ੍ਰਾਫ਼ ਲਗਾਤਾਰ ਵਧਦਾ ਜਾ ਰਿਹਾ ਹੈ। ਅਜਿਹੇ ’ਚ ਚੰਡੀਗੜ੍ਹ ਪ੍ਰਸ਼ਾਸਨ ਨੇ ਕਈ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ’ਚ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਨਾ ਲਗਵਾਉਣ ਵਾਲਿਆਂ ਨੂੰ ਬੈਂਕ, ਸਰਕਾਰੀ ਦਫ਼ਤਰ, ਹੋਟਲ-ਰੈਸਟੋਰੈਂਟ, ਮਾਲ, ਬਾਰ ’ਚ ਐਂਟਰੀ ਨਹੀਂ ਹੋਵੇਗੀ। ਜਨਤਕ ਥਾਵਾਂ ਜਿਵੇਂ ਸਬਜ਼ੀ ਮੰਡੀ, ਗ੍ਰੇਨ ਮਾਰਕੀਟ, ਪਬਲਿਕ ਟਰਾਂਸਪੋਰਟ ਅਤੇ ਭੀੜ ਵਾਲੀਆਂ ਥਾਵਾਂ ’ਤੇ ਅਜਿਹੇ ਲੋਕਾਂ ਦਾ ਚਲਾਨ ਹੋਵੇਗਾ। ਸਿਰਫ਼ ਇਕ ਡੋਜ਼ ਲਗਵਾਉਣ ਵਾਲਿਆਂ ’ਤੇ ਵੀ ਕਾਰਵਾਈ ਹੋਵੇਗੀ। ਪ੍ਰਸ਼ਾਸਨ ਨੇ ਅਚਾਨਕ ਨਿਰੀਖਣ ਲਈ ਟੀਮਾਂ ਬਣਾ ਦਿੱਤੀਆਂ ਹਨ। ਇਹ ਆਦੇਸ਼ ਇਕ ਜਨਵਰੀ 2023 ਤੋਂ ਲਾਗੂ ਮੰਨੇ ਜਾਣਗੇ।
ਜ਼ਿਕਰਯੋਗ, ਸ਼ਹਿਰ ’ਚ ਵੀਰਵਾਰ ਨੂੰ 11 ਨਵੇਂ ਕੋਰੋਨਾ ਇਨਫੈਕਟਿਡ ਮਰੀਜ਼ ਮਿਲੇ। ਨਵੇਂ ਮਾਮਲਿਆਂ ’ਚ ਸੈਕਟਰ 9,15,16,19,30,35,36, ਮਲੋਆ ’ਚ ਇਕ-ਇਕ ਅਤੇ ਮਨੀਮਾਜਰਾ ’ਚ ਤਿੰਨ ਕੋਰੋਨਾ ਮਰੀਜ਼ ਮਿਲੇ। ਇਨ੍ਹਾਂ ’ਚ ਪੰਜ ਪੁਰਸ਼ ਅਤੇ ਛੇ ਔਰਤਾਂ ਸ਼ਾਮਲ ਹਨ। ਅਜਿਹੇ ’ਚ ਹੁਣ ਕੋਰੋਨਾ ਦੇ ਸਰਗਰਮ ਮਰੀਜ਼ਾਂ ਦੀ ਗਿਦਤੀ 97 ਪਹੁੰਚ ਗਈ ਹੈ। ਬੀਤੇ ਇਕ ਹਫ਼ਤੇ ’ਚ ਰੋਜ਼ਾਨਾ ਔਸਤ 10 ਲੋਕ ਕੋਰੋਨਾ ਇਨਫੈਕਟਿਡ ਪਾਏ ਗਏ। ਅਜਿਹੇ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਨਾਲ ਪ੍ਰਸ਼ਾਸਨ ਦੀ ਚਿੰਤਾ ਵੀ ਵਧ ਗਈ ਹੈ।
ਕੋਰੋਨਾ ਨਾਲ ਨਜਿੱਠਣ ਲਈ ਯੂਟੀ ਪ੍ਰਸ਼ਾਸਨ ਮਨਿਸਟਰੀ ਆਫ਼ ਹੋਮ ਅਫੇਅਰਜ਼ ਦੀ ਗਾਈਡਲਾਈਨਜ਼ ਨੂੰ ਫਾਲੋ ਕਰੇਗਾ। ਇਸ ਦੇ ਤਹਿਤ ਟਰੇਸਿੰਗ, ਟੈਸਟਿੰਗ ਅਤੇ ਟਰੀਟਮੈਂਟ ’ਤੇ ਫੋਕਸ ਰਹੇਗਾ। ਐੱਮਐੱਚਏ ਵੱਲੋਂ ਜੋ ਵੀ ਦਿਸ਼ਾ-ਨਿਰਦੇਸ਼ ਜਾਰੀ ਹੋਣਗੇ, ਉਨ੍ਹਾ ਦੇ ਤਹਿਤ ਯੂਟੀ ਪ੍ਰਸ਼ਾਸਨ ਕੰਮ ਕਰੇਗਾ। ਯੂਟੀ ਪ੍ਰਸ਼ਾਸਨ ਹੁਣ ਆਪਣੇ ਪੱਧਰ ’ਤੇ ਕੋਈ ਨਵਾਂ ਫ਼ੈਸਲਾ ਨਹੀਂ ਲੈਣਾ ਚਾਹੁੰਦਾ।