ਚੰਡੀਗੜ੍ਹ: ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ 14 ਜੂਨ ਨੂੰ ਇੱਕ ਖਾਸ ਹੁਕਮ ਹੋਇਆ। ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਮਗਰੋਂ ਜਾਰੀ ਹੁਕਮ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ। ਪੰਜ ਸਿੰਘ ਸਾਹਿਬਾਨ ਨੇ ਫੈਸਲਾ ਕੀਤਾ ਹੈ ਕਿ ਗੁਰਦੁਆਰਿਆਂ ਵਿੱਚ ਲੱਗੇ ਲਾਊਡ ਸਪੀਕਰਾਂ ਦੀ ਆਵਾਜ਼ ਗੁਰੂ ਘਰਾਂ ਅੰਦਰ ਹੀ ਸੀਮਤ ਰੱਖੀ ਜਾਵੇ।   ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਫੈਸਲੇ ਦ ਸ਼ਲਾਘਾ ਕੀਤੀ ਹੈ। ਬੋਰਡ ਦਾ ਮੰਨਣਾ ਹੈ ਕਿ ਇਹ ਮਤਾ ਸਲਾਹੁਣਯੋਗ ਹੈ। ਗੁਰਦੁਆਰਾ ਕਮੇਟੀਆਂ ਨੂੰ ਇਸ ’ਤੇ ਅਮਲ ਕਰਨ ਲਈ ਪ੍ਰੇਰਿਆ ਜਾਣਾ ਚਾਹੀਦਾ ਹੈ। ਬੋਰਡ ਦਾ ਕਹਿਣਾ ਹੈ ਕਿ ਇਸ ਨਾਲ ਪੜ੍ਹਾਈ ਕਰ ਰਹੇ ਬੱਚੇ ਤੇ ਬਜ਼ੁਰਗ ਕਾਫੀ ਪ੍ਰੇਸ਼ਾਨ ਹੁੰਦੇ ਹਨ ਪਰ ਧਾਰਮਿਕ ਮਸਲਾ ਹੋਣ ਕਰਕੇ ਪ੍ਰਸ਼ਾਸਨ ਕੋਈ ਦਖਲ ਨਹੀਂ ਦਿੰਦਾ। ਕਾਬਲੇਗੌਰ ਹੈ ਕਿ ਆਵਾਜ਼ ਪ੍ਰਦੂਸ਼ਣ ਕੰਟਰੋਲ ਨਿਯਮਾਂ ਅਨੁਸਾਰ ਰਾਤ ਦੇ ਸਮੇਂ (ਰਾਤ 10.00 ਤੋਂ ਸਵੇਰੇ 6.00 ਵਜੇ ਤੱਕ) ਰਿਹਾਇਸ਼ੀ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੇ ਸ਼ੋਰ ਦੀ ਹੱਦ 45 ਡੈਸੀਬਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਬੋਰਡ ਵੱਲੋਂ ਵੱਖ-ਵੱਖ ਧਾਰਮਿਕ ਸਥਾਨਾਂ ਦੇ ਲਾਊਡ ਸਪੀਕਰਾਂ ਤੋਂ ਆਉਂਦੀ ਆਵਾਜ਼ ਨੂੰ ਵਿਗਿਆਨਕ ਤਰੀਕੇ ਨਾਲ ਮਾਪਿਆ ਗਿਆ। ਆਵਾਜ਼ ਪ੍ਰਦੂਸ਼ਣ ਨਿਰਧਾਰਿਤ ਹੱਦ ਨਾਲੋਂ ਦੋ ਤੋਂ ਤਿੰਨ ਗੁਣਾ ਵੱਧ ਪਾਇਆ ਗਿਆ।