ਖਨੌਰੀ/ਮੂਨਕ: ਪੰਜਾਬ ਵਿਧਾਨ ਸਭਾ ਦੀ ਘੱਗਰ ਤੇ ਬੁੱਢਾ ਨਾਲਾ ਕਮੇਟੀ ਦੇ ਚੇਅਰਮੈਨ ਅਤੇ ਮੈਂਬਰਾਂ ਵੱਲੋਂ ਅੱਜ ਖਨੌਰੀ ਅਤੇ ਮੂਨਕ ਦੇ ਘੱਗਰ ਦਰਿਆ ’ਤੇ ਵਸੇ ਇਲਾਕੇ ਦਾ ਦੌਰਾ ਕਰਕੇ ਲੋਕਾਂ ਨੂੰ ਘੱਗਰ ਨਾਲ ਸਬੰਧਤ ਮੁਸ਼ਕਿਲਾਂ ਦਾ ਜ਼ਮੀਨੀ ਪੱਧਰ ’ਤੇ ਜਾਇਜ਼ਾ ਲਿਆ।


ਕਮੇਟੀ ਦੀ ਅਗਵਾਈ ਕਰਦਿਆਂ ਚੇਅਰਮੈਨ ਅਤੇ ਵਿਧਾਇਕ ਦਲਜੀਤ ਸਿੰਘ ਭੋਲਾ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ ਘੱਗਰ ਨੇੜੇ ਵਸਦੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਸੁਚੱਜੇ ਤੇ ਢੁਕਵੇਂ ਹੱਲ ਲਈ ਦ੍ਰਿੜ ਹਨ ਅਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਿਛਲੇ ਗਿਆਰਾਂ ਮਹੀਨਿਆਂ ਤੋਂ ਹੀ ਲਗਾਤਾਰ ਲੋਕ ਹਿੱਤ ਵਿੱਚ ਵੱਡੇ ਫੈਸਲੇ ਸਫ਼ਲਤਾ ਨਾਲ ਲਾਗੂ ਕੀਤੇ ਗਏ ਹਨ।


ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਖਮਿਆਜ਼ਾ ਲੋਕ ਹਾਲੇ ਤੱਕ ਭੁਗਤਦੇ ਆਏ ਹਨ ਪਰ ਮਾਨ ਸਰਕਾਰ ਵੱਲੋਂ ਸੂਬੇ ਵਾਸੀਆਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਤੇ ਸਾਫ਼ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਦਾ ਜੋ ਵਾਅਦਾ ਕੀਤਾ ਗਿਆ ਸੀ ਉਸ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। 


ਕਮੇਟੀ ਦੀ ਤਰਫੋਂ ਵਿਧਾਇਕ ਸ਼੍ਰੀ ਬਰਿੰਦਰ ਗੋਇਲ, ਵਿਧਾਇਕ ਸ਼੍ਰੀ ਅਸ਼ੋਕ ਕੁਮਾਰ ਪਰਾਸ਼ਰ, ਵਿਧਾਇਕ ਸ਼੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ, ਵਿਧਾਇਕ ਸ਼੍ਰੀ ਮਦਨ ਲਾਲ ਬੱਗਾ ਵੀ ਹਾਜ਼ਰ ਸਨ।


ਇਸ ਮੌਕੇ ਸ. ਭੋਲਾ ਨੇ ਕਿਹਾ ਕਿ ਖਨੌਰੀ, ਮੰਡਵੀ, ਮਕਰੋੜ ਸਾਹਿਬ, ਮੂਨਕ ਆਦਿ ਥਾਵਾਂ ਦੇ ਦੌਰੇ ਦੌਰਾਨ ਪਿੰਡਾਂ ਦੇ ਲੋਕਾਂ ਨੇ ਖੁੱਲ੍ਹ ਕੇ ਆਪਣੀਆਂ ਸਮੱਸਿਆਵਾਂ ਕਮੇਟੀ ਦੇ ਸਾਹਮਣੇ ਰੱਖੀਆਂ ਹਨ ਜਿਨ੍ਹਾਂ ਨੂੰ ਧਿਆਨ ਨਾਲ ਸੁਣਿਆ ਗਿਆ ਹੈ ਅਤੇ ਹੁਣ ਕਮੇਟੀ ਵੱਲੋਂ ਇਸ ਸਬੰਧੀ ਆਪਣੀ ਰਿਪੋਰਟ ਸਿਫਾਰਿਸ਼ ਸਮੇਤ ਮੁੱਖ ਮੰਤਰੀ ਪੰਜਾਬ ਤੇ ਵਿਧਾਨ ਸਭਾ ਦੇ ਸਪੀਕਰ ਨੂੰ ਸੌਂਪੀ ਜਾਵੇਗੀ ਅਤੇ ਜਲਦੀ ਹੀ ਇਸ ਸਬੰਧੀ ਢੁਕਵੇਂ ਹੱਲ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾਣਗੇ।


ਇਹ ਵੀ ਪੜ੍ਹੋ: Jammu Kashmir Terrorist Attack: ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਸ਼ਹੀਦ ਪੁਲਿਸ ਮੁਲਾਜ਼ਮ ਅਲੀ ਮੁਹੰਮਦ ਗਨੀ ਦੇ ਪੁੱਤਰ ਨੂੰ ਮਾਰੀ ਗੋਲੀ


ਉਨ੍ਹਾਂ ਕਿਹਾ ਕਿ ਜੇਕਰ ਪਾਣੀ ਤੇ ਹਵਾ ਨੂੰ ਨਾ ਬਚਾਇਆ ਗਿਆ ਤਾਂ ਇਸ ਦਾ ਖਮਿਆਜ਼ਾ ਨਾ ਕੇਵਲ ਸਾਨੂੰ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।


ਇਸ ਮੌਕੇ ਵੱਖ-ਵੱਖ ਥਾਈਂ ਲੋਕਾਂ ਦੀਆਂ ਸਮੱਸਿਆਵਾਂ ਦਾ ਜਾਇਜ਼ਾ ਲੈਣ ਮਗਰੋਂ ਵਿਧਾਇਕ ਲਹਿਰਾ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਉਨ੍ਹਾਂ ਨੇ ਆਪ ਸਰਕਾਰ ਦੇ ਹੋਂਦ ਵਿੱਚ ਆਉਂਦਿਆਂ ਹੀ ਘੱਗਰ ਦਾ ਮਸਲਾ ਵਿਧਾਨ ਸਭਾ ਵਿੱਚ ਉਠਾਇਆ ਸੀ ਅਤੇ ਪਹਿਲੀ ਵਾਰ ਹੋਇਆ ਹੈ ਕਿ ਵਿਧਾਨ ਸਭਾ ਵਿੱਚ ਕਿਸੇ ਮਸਲੇ ਦੀ ਗੰਭੀਰਤਾ ਨੂੰ ਲੈ ਕੇ 11 ਐਮ.ਐਲ.ਏ ਸਾਹਿਬਾਨ ਦੀ ਸ਼ਮੂਲੀਅਤ ਵਾਲੀ ਕਮੇਟੀ ਦਾ ਗਠਨ ਹੋਇਆ ਹੋਵੇ।


ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਨਿਰੰਤਰ ਇਸ ਬਾਰੇ ਵਿਚਾਰਾਂ ਹੁੰਦੀਆਂ ਰਹੀਆਂ ਤੇ ਹੁਣ ਵਿਧਾਨ ਸਭਾ ਦੀ ਵਿਸ਼ੇਸ ਕਮੇਟੀ ਦਾ ਇਹ ਦੌਰਾ ਵੀ ਜ਼ਮੀਨੀ ਪੱਧਰ ’ਤੇ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਨੇੜਿਓਂ ਦੇਖਣ ਲਈ ਉਲੀਕਿਆ ਗਿਆ ਤਾਂ ਜੋ ਅਮਲੀ ਰੂਪ ਵਿੱਚ ਕਾਰਵਾਈ ਨੂੰ ਯਕੀਨੀ ਬਣਾਇਆ ਜਾ ਸਕੇ।


ਉਨ੍ਹਾਂ ਕਿਹਾ ਕਿ ਘੱਗਰ ਕੰਢੇ ਵਸਦੇ ਲੋਕ ਲਗਾਤਾਰ ਇਸ ਦੀ ਮਾਰ ਝੱਲਣ ਨੂੰ ਮਜ਼ਬੂਰ ਹਨ ਅਤੇ ਬਰਸਾਤੀ ਸੀਜ਼ਨ ਦੌਰਾਨ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ ਅਤੇ ਕੈਮੀਕਲ ਵਾਲਾ ਪਾਣੀ ਦੂਸ਼ਿਤ ਵਾਤਾਵਰਣ ਦਾ ਕਾਰਨ ਬਣ ਕੇ ਮਨੁੱਖਾਂ ਤੇ ਪਸ਼ੂਆਂ ਲਈ ਜਾਨਲੇਵਾ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਇਸ ਮਸਲੇ ਦਾ ਠੋਸ ਹੱਲ ਕਰਨ ਲਈ ਯਤਨਸ਼ੀਲ ਹੈ।


ਉਨ੍ਹਾਂ ਕਿਹਾ ਕਿ ਜਲ ਸਰੋਤ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਪੰਚਾਇਤੀ ਰਾਜ ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਉਚ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਆਪਸੀ ਤਾਲਮੇਲ ਨਾਲ ਇਸ ਦਾ ਢੁਕਵਾਂ ਹੱਲ ਕੱਢਣ ਲਈ ਸਹਿਯੋਗ ਦਿੱਤਾ ਜਾਵੇ।


ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਘੱਗਰ ’ਤੇ ਸਿਰਫ਼ ਰਾਜਨੀਤੀ ਕੀਤੀ ਗਈ ਅਤੇ ਇਸ ਦਾ ਹੱਲ ਕੱਢਣ ਦਾ ਕੋਈ ਹੰਭਲਾ ਨਹੀਂ ਮਾਰਿਆ ਗਿਆ ਪਰ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਨੇ ਚਿੰਤਾ ਪ੍ਰਗਟਾਉਂਦਿਆਂ ਪਿਛਲੇ ਬਰਸਾਤੀ ਸੀਜ਼ਨ ਤੋਂ ਪਹਿਲਾਂ ਹੀ ਡੇਢ ਕਰੋੜ ਰੁਪਏ ਦੀ ਗਰਾਂਟ ਜਾਰੀ ਕਰਦਿਆਂ ਸਫ਼ਾਈ ਕਰਵਾਈ ਤੇ ਲੋਕਾਂ ਨੇ ਅੱਜ ਇਸ ਉਦਮ ਲਈ ਸਰਕਾਰ ਦੀ ਭਰਵੀਂ ਸ਼ਲਾਘਾ ਕੀਤੀ।


ਇਸ ਉਪਰੰਤ ਕਮੇਟੀ ਵੱਲੋਂ ਅਧਿਕਾਰੀਆਂ ਨਾਲ ਯੂਨੀਵਰਸਿਟੀ ਕਾਲਜ ਮੂਨਕ ਵਿਖੇ ਵਿਸਥਾਰ ਵਿੱਚ ਮੀਟਿੰਗ ਕੀਤੀ ਗਈ ਤੇ ਫੀਡਬੈਕ ਹਾਸਲ ਕੀਤੀ ਗਈ।


ਇਹ ਵੀ ਪੜ੍ਹੋ: Lok Sabha Election 2024: ਊਧਵ ਠਾਕਰੇ ਨੂੰ ਮਿਲਣਗੇ CM ਕੇਜਰੀਵਾਲ ਅਤੇ ਭਗਵੰਤ ਮਾਨ, ਇਨ੍ਹਾਂ ਮੁੱਦਿਆਂ 'ਤੇ ਹੋ ਸਕਦੀ ਹੈ ਚਰਚਾ