ਚੰਡੀਗੜ੍ਹ: ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ 'ਤੇ ਸਿਆਸਤ ਜ਼ਿਆਦਾ ਤੇ ਕੰਮ ਘੱਟ ਹੋ ਰਿਹਾ ਹੈ। ਭਾਰਤ-ਪਾਕਿਸਤਾਨ ਸਰਹੱਦ ਦੇ ਦੋਵੇਂ ਪਾਸੇ ਇਸ ਲਾਂਘੇ ਦੇ ਨੀਂਹ ਪੱਥਰ ਰੱਖੇ ਨੂੰ ਮਹੀਨਾ ਹੋ ਗਿਆ ਹੈ ਪਰ ਭਾਰਤ ਵਾਲੇ ਪਾਸੇ ਅਜੇ ਕੋਈ ਕੰਮ ਸ਼ੁਰੂ ਨਹੀਂ ਹੋਇਆ। ਉਂਝ ਉਦਘਾਟਨ ਵੇਲੇ ਦਾਅਵਾ ਕੀਤਾ ਗਿਆ ਸੀ ਕਿ ਇਹ ਲਾਂਘਾ ਛੇ ਮਹੀਨਿਆਂ ਵਿੱਚ ਚਾਲੂ ਹੋ ਜਾਏਗਾ।
ਕਰਤਾਰਪੁਰ-ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਮਹੀਨਾ ਪਹਿਲਾਂ ਭਾਰਤ ਸਰਕਾਰ ਵੱਲੋਂ ਡੇਰਾ ਬਾਬਾ ਨਾਨਕ ’ਚ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਰੱਖਣ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸਾਢੇ ਚਾਰ ਮਹੀਨਿਆਂ ’ਚ ਕੰਮ ਪੂਰਾ ਕਰਨ ਦਾ ਵਾਅਦਾ ਕੀਤਾ ਸੀ, ਪਰ ਮਹੀਨਾ ਲੰਘ ਜਾਣ ’ਤੇ ਇੱਕ ਇੰਚ ਵੀ ਕੰਮ ਨਹੀਂ ਹੋਇਆ।
ਮਿਲੀਆਂ ਰਿਪੋਰਟਾਂ ਮੁਤਾਬਕ ਪਾਕਿਸਤਾਨ ਵਾਲੇ ਪਾਸੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਂਝ ਭਾਰਤ ਵੱਲ਼ ਕੰਮ ਘੱਟ ਹੀ ਹੈ ਤੇ ਪਾਕਿਸਤਾਨ ਵਾਲੇ ਪਾਸੇ ਜ਼ਿਆਦਾ ਰਕਬਾ ਹੈ। ਪਾਕਿਸਤਾਨ ਨੇ ਇਸ ਲਾਂਘੇ ਬਾਰੇ ਖਾਕਾ ਵੀ ਤਿਆਰ ਕਰ ਲਿਆ ਹੈ। ਇਸ ਦੀ ਮਨਜ਼ੂਰੀ ਲਈ ਸਰਕਾਰ ਨੂੰ ਭੇਜਿਆ ਗਿਆ ਹੈ। ਪਾਕਿਸਤਾਨ ਸਰਕਾਰ ਇਸ ਲਾਂਘੇ ਨੂੰ ਆਰਥਿਕ ਲਾਹੇ ਲਈ ਵੀ ਸ਼ੁਭ ਮੰਨ ਰਹੀ ਹੈ।
ਉਧਰ, ਸਿੱਖ ਸੰਗਤਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਉਹ 3 ਜਨਵਰੀ ਨੂੰ ਗੁਰਦਾਸਪੁਰ ਫੇਰੀ ਦੌਰਾਨ ਕਰਤਾਰਪੁਰ ਲਾਂਘੇ ਦੇ ਕੰਮ ਦੀ ਸ਼ੁਰੂਆਤ ਕਰਨ ਕਿਉਂਕਿ ਭਾਰਤ ਸਰਕਾਰ ਵੱਲੋਂ ਕੰਮ ਸ਼ੁਰੂ ਕਰਨ ਦੀ ਕੀਤੀ ਗਈ ਢਿੱਲਮੱਠ ਕਾਰਨ ਸੰਗਤਾਂ ‘ਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ। ਕੇਂਦਰੀ ਮੰਤਰੀ ਗਡਕਰੀ ਨੇ ਸਾਢੇ ਚਾਰ ਮਹੀਨੇ ’ਚ ਕੰਮ ਸੰਪੂਰਨ ਕਰਨ ਦਾ ਐਲਾਨ ਕੀਤਾ ਸੀ ਪਰ ਇਸ ਐਲਾਨ ਪਿੱਛੇ ਜ਼ਮੀਨੀ ਹਕੀਕਤ ਕੁਝ ਹੋਰ ਵੀ ਦਿਖਾਈ ਦੇ ਰਹੀ ਹੈ ਕਿਉਂਕਿ ਭਾਰਤ ਵਾਲੇ ਪਾਸਿਓਂ ਅਜੇ ਤੱਕ ਰੱਤੀ ਭਰ ਵੀ ਕੰਮ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਕੰਮ ਸ਼ੁਰੂ ਹੋਣ ’ਚ ਹੋ ਰਹੀ ਦੇਰੀ ਨੂੰ ਲੈ ਕੇ ਸ਼ਰਧਾਲੂਆਂ ’ਚ ਕਈ ਤਰ੍ਹਾਂ ਦੀ ਸ਼ੰਕਾ ਪੈਦਾ ਹੋ ਰਹੀ ਹੈ ਕਿ ਕਿਧਰੇ ਇਹ ਸਭ ‘ਐਲਾਨ’ ਤੱਕ ਹੀ ਸੀਮਤ ਤਾਂ ਨਹੀਂ? ਬਾਜਵਾ ਨੇ ਦੱਸਿਆ ਕਿ ਨਾਰੋਵਾਲ ਤੋਂ ਸਾਬਕਾ ਐਮਪੀ ਕਰਨਲ ਜਾਵੇਦ ਕਾਹਲੋਂ, ਜੋ ਉਨ੍ਹਾਂ ਦੇ ਕਰੀਬੀ ਦੋਸਤ ਹਨ, ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਲਾਂਘੇ ਦਾ ਕੰਮ ਤੇਜ਼ੀ ਨਾਲ ਕਰਵਾਇਆ ਜਾਵੇ।