ਚੰਡੀਗੜ੍ਹ: ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਦੀ ਨਾਭਾ ਜੇਲ੍ਹ ’ਚ ਧਾਰਮਿਕ ਜਜ਼ਬਾਤਾਂ ਕਰਕੇ ਹੱਤਿਆ ਕੀਤੀ ਗਈ ਸੀ। ਇਸ ਪਿੱਛੇ ਕਿਸੇ ਜਥੇਬੰਦੀ ਜਾਂ ਗੈਂਗਸਟਰ ਦਾ ਕੋਈ ਹੱਥ ਨਹੀਂ। ਇਹ ਖੁਲਾਸਾ ਹੁਣ ਤੱਕ ਪੁਲਿਸ ਵੱਲੋਂ ਕੀਤੀ ਗਈ ਪੜਤਾਲ ਵਿੱਚ ਹੋਇਆ ਹੈ। ਪੁਲਿਸ ਸੂਤਰਾਂ ਦਾ ਦਾਅਵਾ ਹੈ ਕਿ ਮਹਿੰਦਰਪਾਲ ਬਿੱਟੂ ਦੀ ਹੱਤਿਆ ਸਬੰਧੀ ਅਜੇ ਤਕ ਕਿਸੇ ਬਾਹਰੀ ਤਾਕਤ ਦਾ ਹੱਥ ਹੋਣ ਦਾ ਸਬੂਤ ਨਹੀਂ ਮਿਲਿਆ।


ਪੁਲਿਸ ਨੇ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਪੰਜ ਮੁਲਜ਼ਮਾਂ ਤੋਂ ਅੱਠ ਦਿਨ ਪੁੱਛਗਿੱਛ ਕੀਤੀ। ਅੱਜ ਅਦਾਲਤ ਨੇ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁਲਿਸ ਚਾਹੇ ਇਸ ਬਾਰੇ ਅਧਿਕਾਰਤ ਤੌਰ 'ਤੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਪਰ ਸੂਤਰਾਂ ਮੁਤਾਬਕ ਪੁਲਿਸ ਨੂੰ ਇਸ ਕੇਸ ਵਿੱਚ ਕਿਸੇ ਬਾਹਰੀ ਤਾਕਤ ਦਾ ਹੱਥ ਹੋਣ ਦਾ ਸਬੂਤ ਨਹੀਂ ਮਿਲਿਆ।

ਪੁਲਿਸ ਮੁਤਾਬਕ ਕਤਲ ਦੀ ਸਾਜ਼ਿਸ਼ ਜੇਲ੍ਹ ਵਿੱਚ ਬੰਦ ਚਾਰ ਮੁਲਜ਼ਮਾਂ ਵੱਲੋਂ ਘੜੀ ਗਈ ਸੀ। ਇਨ੍ਹਾਂ ਵਿੱਚ ਉਮਰ ਕੈਦੀ ਗੁਰਸੇਵਕ ਸਿੰਘ ਝਿਓਰਹੇੜੀ, ਹਵਾਲਾਤੀ ਮਨਿੰਦਰ ਸਿੰਘ ਭਗੜਾਣਾ, ਲਖਵੀਰ ਸਿੰਘ ਸਲਾਣਾ ਤੇ ਕੈਦੀ ਹਰਪ੍ਰੀਤ ਸਿੰਘ ਨਾਗਰਾ ਸਮੇਤ ਹਵਾਲਾਤੀ ਜਸਪ੍ਰੀਤ ਸਿੰਘ ਉਰਫ਼ ਨਿਹਾਲ ਸਿੰਘ ਸ਼ਾਮਲ ਹਨ।

ਪੁਲਿਸ ਸੂਤਰਾਂ ਮੁਤਾਬਕ ਪੁੱਛਗਿੱਛ ਦੌਰਾਨ ਘਟਨਾ ਪਿੱਛੇ ਕਿਸੇ ਵੀ ਖਾੜਕੂ ਤੇ ਗੈਂਗਸਟਰ ਗੁੱਟ ਸਮੇਤ ਕਿਸੇ ਰਾਜਸੀ ਜਾਂ ਹੋਰ ਵਿਅਕਤੀ ਦਾ ਹੱਥ ਹੋਣ ਦੀ ਗੱਲ ਸਾਹਮਣੇ ਨਹੀਂ ਆਈ। ਅਧਿਕਾਰੀਆਂ ਅਨੁਸਾਰ ਬਿੱਟੂ ਦੇ ਜੇਲ੍ਹ ਪੁੱਜਣ ’ਤੇ ਕਤਲ ਦੀ ਵਿਉਂਤਬੰਦੀ ਨਿਹਾਲ ਸਿੰਘ, ਗੁਰਸੇਵਕ ਤੇ ਮਨਿੰਦਰ ਨੇ ਨਵੰਬਰ ’ਚ ਕੀਤੀ ਸੀ।

ਦਰਅਸਲ ਸਿਆਸੀ ਪਾਰਟੀਆਂ ਇਸ ਨੂੰ ਸਾਜ਼ਿਸ਼ ਕਰਾਰ ਦੇ ਰਹੀਆਂ ਹਨ। ਇਸ ਲਈ ਸਭ ਦੀਆਂ ਨਜ਼ਰਾਂ ਇਸ ਮਾਮਲੇ 'ਤੇ ਹਨ। ਇੱਕ ਗੈਂਗਸਟਰ ਗੁੱਟ ਨੇ ਵੀ ਫੇਸਬੁੱਕ 'ਤੇ ਪੋਸਟ ਪਾ ਜ਼ਿੰਮੇਵਾਰੀ ਲੈਣ ਦੀ ਚਰਚਾ ਸੀ। ਹੁਣ ਪੁਲਿਸ ਦਾ ਦਾਅਵਾ ਹੈ ਕਿ ਇਹ ਮੁਲਜ਼ਮਾਂ ਨੇ ਨਿੱਜੀ ਤੌਰ 'ਤੇ ਸਾਜਿਸ਼ ਘੜੀ ਸੀ। ਇਸ ਵਿੱਚ ਕੋਈ ਬਾਹਰੀ ਹੱਥ ਨਹੀਂ ਸੀ।