ਚੰਡੀਗੜ੍ਹ: ਸੰਘਰਸ਼ ਕਰ ਰਹੇ ਕੱਚੇ ਮੁਲਾਜ਼ਮਾਂ ਨਾਲ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਮੀਟਿੰਗ ਖਤਮ ਹੋ ਗਈ ਹੈ। ਮੀਟਿੰਗ ਵਿੱਚ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਮਨਪ੍ਰੀਤ ਬਾਦਲ ਤੇ ਮੁੱਖ ਸਕੱਤਰ ਹਾਜ਼ਰ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਨੇ ਯੂਨੀਅਨਾਂ ਦੇ ਲੀਡਰਾਂ ਨੂੰ ਭਰੋਸਾ ਦਿੱਤਾ ਹੈ ਕਿ 7 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ ਕਿ ਕਿਹੜੇ ਵਿਭਾਗ ਵਿੱਚ ਕਿੰਨੇ ਲੋਕ ਪੱਕੇ ਹੋਣਗੇ।
ਇਸ ਦੇ ਨਾਲ ਹੀ ਸਰਕਾਰ ਨੇ ਹੁਣ 7 ਜਨਵਰੀ ਨੂੰ ਮੀਟਿੰਗ ਸੱਦੀ ਹੈ। ਇਹ ਮੀਟਿੰਗ ਸਵੇਰੇ 11 ਵਜੇ ਹੋਵੇਗੀ। ਮੁਲਾਜ਼ਮ ਯੂਨੀਅਨਾਂ ਦੇ ਲੀਡਰਾਂ ਨੇ ਕਿਹਾ ਹੈ ਕਿ ਸੀਐਮ ਨਾਲ ਮੀਟਿੰਗ ਤੋਂ ਬਾਅਦ ਖੰਨਾ 'ਚ ਮੁੜ ਮੀਟਿੰਗ ਕੀਤੀ ਜਾਵੇਗੀ। ਇਸ ਤੋਂ ਬਾਅਦ ਧਰਨਾ ਜਾਰੀ ਰੱਖਣ ਜਾਂ ਖ਼ਤਮ ਕਰਨ ਦਾ ਐਲਾਨ ਕੀਤਾ ਜਾਵੇਗਾ।
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂਆਂ ਨਾਲ ਮੀਟਿੰਗ ਵਿੱਚ ਇੰਨਲਿਸਟਮੈਂਟ, ਆਉਟੋਸੋਰਸਿੰਗ, ਠੇਕੇਦਾਰ ਕੰਪਨੀਆਂ, ਸੁਸਾਇਟੀ, ਕੇਂਦਰੀ ਸਕੀਮਾਂ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਸਮੂਹ ਵਿਭਾਗਾਂ ਵਿੱਚ ਸ਼ਾਮਲ ਕਰਨ ਬਾਰੇ ਚਰਚਾ ਕੀਤੀ ਗਈ।
ਦੱਸ ਦਈਏ ਕਿ ਪੰਜਾਬ ਸਰਕਾਰ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਸਰਕਾਰ ਦੇ ਕੱਚੇ ਮੁਲਾਜ਼ਮਾਂ ਨੇ ਖੰਨਾ ਵਿੱਚ ਫਿਰ NH-1 'ਤੇ ਟੈਂਟ ਲਾ ਕੇ ਮੋਰਚਾ ਖੋਲ੍ਹ ਦਿੱਤਾ ਹੈ। ਕੱਚੇ ਮੁਲਾਜ਼ਮਾਂ ਨੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਹੈ। ਹਾਲਾਤ ਨੂੰ ਵੇਖਦਿਆਂ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਮੁਲਾਜ਼ਮਾਂ ਦੇ ਲੀਡਰਾਂ ਨੂੰ 11 ਵਜੇ ਮੀਟਿੰਗ ਲਈ ਚੰਡੀਗੜ੍ਹ ਬੁਲਾਇਆ ਹੈ।
ਪ੍ਰਦਰਸ਼ਨਕਾਰੀਆਂ ਨੂੰ ਕਿਸਾਨ ਜਥੇਬੰਦੀ ਬੀਕੇਯੂ (ਉਗਰਾਹਾਂ) ਦਾ ਵੀ ਸਮਰਥਨ ਮਿਲਿਆ ਹੈ। ਇਸ ਲਈ ਸੰਘਰਸ਼ ਲੰਬਾ ਚੱਲਣ ਦੇ ਆਸਾਰ ਵਧ ਗਏ ਹਨ। ਜਾਮ ਕਰਕੇ ਲੋਕਾਂ ਨੂੰ ਕਾਫੀ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਟ੍ਰੈਫਿਕ ਨੂੰ ਬਦਲਵੇਂ ਰਾਹਾਂ ਉੱਪਰ ਮੋੜ ਦਿੱਤਾ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin