Farmer Protest: ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਹੁਣ ਉਹ 8 ਦਸੰਬਰ ਨੂੰ ਦਿੱਲੀ ਕੂਚ ਕਰਨਗੇ। ਉਨ੍ਹਾਂ ਕਿਹਾ ਕਿ ਜੋ ਜੱਥਾ ਕੱਲ੍ਹ ਨੂੰ ਦਿੱਲੀ ਜਾਣਾ ਸੀ ਉਸ ਹੁਣ ਪਰਸੋਂ ਜਾਵੇਗਾ। ਹੁਣ ਕੇਂਦਰ ਸਰਕਾਰ ਨੂੰ ਕੱਲ੍ਹ ਨੂੰ ਗੱਲਬਾਤ ਕਰਨ ਦਾ ਸਮਾਂ ਦਿੱਤਾ ਜਾਵੇਗਾ।ਦਰਅਸਲ, ਦਿੱਲੀ ਮਾਰਚ ਸ਼ੁਰੂ ਹੋਣ ਤੋਂ ਕਰੀਬ ਢਾਈ ਘੰਟੇ ਬਾਅਦ ਕਿਸਾਨ ਸ਼ੰਭੂ ਸਰਹੱਦ ਤੋਂ ਪਿੱਛੇ ਹਟ ਗਏ ਹਨ। ਕਿਸਾਨ ਆਗੂ ਸਰਵਣ ਸਿੰਘ ਨੇ ਕਿਹਾ ਕਿ ਸਾਡੇ ਕਈ ਆਗੂ ਜ਼ਖ਼ਮੀ ਹੋਏ ਹਨ। ਅਜਿਹੀ ਸਥਿਤੀ ਵਿੱਚ ਅਸੀਂ ਜੱਥੇ ਨੂੰ ਵਾਪਸ ਬੁਲਾਇਆ ਹੈ।



ਪੰਧੇਰ ਨੇ ਕਿਹਾ ਕਿ ਸਾਡੀ ਹਰਿਆਣਾ ਪੁਲਿਸ ਨਾਲ ਗੱਲਬਾਤ ਹੋਈ ਹੈ। ਉਨ੍ਹਾਂ ਸਾਡੇ ਕੋਲੋਂ ਮੰਗ ਪੱਤਰ ਮੰਗਿਆ। ਇਸ ਤੋਂ ਬਾਅਦ ਅਸੀਂ ਮੰਗ ਪੱਤਰ ਸੌਂਪਿਆ। ਕੇਂਦਰ ਸਰਕਾਰ ਨੂੰ ਗੱਲਬਾਤ ਲਈ ਇੱਕ ਦਿਨ ਦਾ ਸਮਾਂ ਦਿੱਤਾ ਗਿਆ ਹੈ। ਜੇ ਕੇਂਦਰ ਸਰਕਾਰ ਗੱਲ ਕਰੇ ਤਾਂ ਠੀਕ ਰਹੇਗਾ, ਨਹੀਂ ਤਾਂ ਪਰਸੋਂ ਯਾਨੀ 8 ਦਸੰਬਰ ਨੂੰ ਦੁਪਹਿਰ 12 ਵਜੇ 101 ਕਿਸਾਨਾਂ ਦਾ ਜਥਾ ਦਿੱਲੀ ਵੱਲ ਮਾਰਚ ਕਰੇਗਾ।






ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਅਸੀਂ ਖੇਤੀ ਮੰਤਰੀ ਨਾਲ ਗੱਲ ਕਰਨੀ ਚਾਹੁੰਦੇ ਹਾਂ। ਕੇਂਦਰ ਨਾਲ ਗੱਲਬਾਤ ਲਈ ਅੰਦੋਲਨ ਮੁਲਤਵੀ ਕਰ ਦਿੱਤਾ ਗਿਆ ਹੈ। 8 ਦਸੰਬਰ ਨੂੰ ਦਿੱਲੀ ਵੱਲ ਕੂਚ ਕਰਾਂਗੇ। ਅਸੀਂ ਪੰਜਾਬ ਵਿੱਚ ਭਾਜਪਾ ਦਾ ਵਿਰੋਧ ਕਰਾਂਗੇ। ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਦਾ ਜਥਾ ਪਰਸੋਂ ਦਿੱਲੀ ਵੱਲ ਰਵਾਨਾ ਹੋਵੇਗਾ। ਇਹ ਸਮਾਂ ਇਸ ਲਈ ਦਿੱਤਾ ਗਿਆ ਹੈ ਕਿ ਕੇਂਦਰ ਸਰਕਾਰ ਸਾਡੇ ਨਾਲ ਹੋਈ ਗੱਲਬਾਤ ਕਰ ਸਕੇ। ਸਾਨੂੰ ਅੱਜ ਪੁੱਛਿਆ ਗਿਆ ਕਿ ਅਸੀਂ ਕੀ ਚਾਹੁੰਦੇ ਹਾਂ ਤੇ ਗੱਲਬਾਤ ਵਿੱਚ ਕੌਣ ਹੋਣਾ ਚਾਹੀਦਾ ਹੈ। ਅਸੀਂ ਕਿਹਾ ਹੈ ਕਿ ਖੇਤੀਬਾੜੀ ਮੰਤਰੀ ਗੱਲਬਾਤ ਵਿੱਚ ਹੋਣ।


ਕਿਸਾਨ ਆਗੂ ਨੇ ਅੱਗੇ ਕਿਹਾ ਕਿ ਅੱਜ ਪੁਲਿਸ ਦੀ ਕਾਰਵਾਈ ਕਾਰਨ ਅੱਠ ਕਿਸਾਨ ਹਸਪਤਾਲ ਵਿੱਚ ਹਨ। ਅੱਜ ਦੀ ਪੁਲਿਸ ਕਾਰਵਾਈ ਕਾਰਨ ਕੁੱਲ ਜ਼ਖਮੀਆਂ ਦੀ ਗਿਣਤੀ 15 ਦੇ ਕਰੀਬ ਹੈ। ਅਸੀਂ ਅਨੁਸ਼ਾਸਨ ਕਾਇਮ ਰੱਖਿਆ ਹੈ। ਸਾਨੂੰ ਪਤਾ ਸੀ ਕਿ ਹਰਿਆਣਾ ਵੱਲੋਂ ਕੀਤੇ ਪ੍ਰਬੰਧਾਂ ਨੂੰ ਤੋੜ ਕੇ ਅੱਗੇ ਵਧਣਾ ਸਾਡੇ ਲਈ ਸੰਭਵ ਨਹੀਂ ਸੀ ਪਰ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਅਸੀਂ ਪੈਦਲ ਦਿੱਲੀ ਜਾਣਾ ਚਾਹੁੰਦੇ ਹਾਂ ਤਾਂ ਵੀ ਸਾਨੂੰ ਜਾਣ ਦੀ ਇਜਾਜ਼ਤ ਨਹੀਂ ਹੈ।



ਜ਼ਿਕਰ ਕਰ ਦਈਏ ਕਿ ਪਿਛਲੇ 9 ਮਹੀਨਿਆਂ ਤੋਂ ਪੰਜਾਬ-ਹਰਿਆਣਾ ਸਰਹੱਦ 'ਤੇ ਡੇਰੇ ਲਾਏ ਹੋਏ ਕਿਸਾਨਾਂ ਨੇ 101 ਕਿਸਾਨਾਂ ਦੇ ਜਥੇ ਨੂੰ ਦੁਪਹਿਰ 1 ਵਜੇ ਦਿੱਲੀ ਭੇਜਿਆ ਸੀ। ਇਸ ਤੋਂ ਬਾਅਦ ਕਿਸਾਨਾਂ ਨੇ ਬੈਰੀਕੇਡ ਅਤੇ ਕੰਡਿਆਲੀ ਤਾਰ ਨੂੰ ਉਖਾੜ ਦਿੱਤਾ। ਇਸ ’ਤੇ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਚਿਤਾਵਨੀ ਦਿੰਦਿਆਂ ਅੱਥਰੂ ਗੈਸ ਦੇ ਗੋਲੇ ਛੱਡੇ, ਜਿਸ ਨਾਲ 7 ਤੋਂ ਜ਼ਿਆਦਾ ਕਿਸਾਨ ਜ਼ਖ਼ਮੀ ਹੋ ਗਏ।