ਚੰਡੀਗੜ੍ਹ: ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਨਾਲ-ਨਾਲ ਏਡਜ਼ ਦੇ ਸ਼ਿਕਾਰ ਹੋ ਰਹੇ ਹਨ। ਏਡਜ਼ ਵੀ ਜ਼ਿਆਦਾਤਰ ਉਨ੍ਹਾਂ ਨੌਜਵਾਨਾਂ ਨੂੰ ਹੀ ਹੋ ਰਹੀ ਹੈ ਜੋ ਨਸ਼ਿਆਂ ਦੇ ਆਦੀ ਹਨ। ਇਸ ਗੱਲ ਦਾ ਖੁਲਾਸਾ ਸੋਮਵਾਰ ਨੂੰ ਹੋਈ ਨਸ਼ਾ ਰੋਕੂ ਕੈਬਨਿਟ ਸਬ ਕਮੇਟੀ ਦੀ ਹਫਤਾਵਾਰੀ ਮੀਟਿੰਗ ਵਿੱਚ ਹੋਇਆ।   ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਨਸ਼ੇੜੀ ਇੱਕੋ ਸਰਿੰਜ ਨੂੰ ਵਾਰ-ਵਾਰ ਵਰਤਦੇ ਹਨ। ਇਸ ਕਰਕੇ ਏਡਜ਼ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਏਡਜ਼ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸਰਕਾਰੀ ਤੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਵਿੱਚ ਨਸ਼ਿਆਂ ਦੇ ਨਾਲ ਕਾਲੇ ਪੀਲੀਏ ਦਾ ਇਲਾਜ ਵੀ ਹੋਏਗਾ। ਲੁਧਿਆਣਾ ਜ਼ਿਲ੍ਹੇ ਦੇ ਦਾਖਾ ਇਲਾਕੇ ਦੇ ਕੁਝ ਪਿੰਡਾਂ ਦੇ 63 ਨਸ਼ੇੜੀਆਂ ਦੇ ਹਸਪਤਾਲਾਂ ਵਿੱਚ ਦਾਖਲੇ ਸਮੇਂ ਕੀਤੇ ਗਏ ਟੈਸਟਾਂ ਤੋਂ ਪਤਾ ਲੱਗਾ ਕਿ ਇਨ੍ਹਾਂ ’ਚੋਂ 55 ਮਰੀਜ਼ ਕਾਲੇ ਪੀਲੀਏ (ਹੈਪਾਟਾਈਟਸ ਸੀ) ਤੇ 26 ਮਰੀਜ਼ ਏਡਜ਼ ਤੋਂ ਪੀੜਤ ਸਨ। ਏਡਜ਼ ਪੀੜਤਾਂ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ ਤਾਂ ਕਿ ਉਨ੍ਹਾਂ ਨੂੰ ਇਲਾਜ ਕਰਵਾਉਣ ਵਿੱਚ ਦਿੱਕਤਾਂ ਨਾ ਆਉਣ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਮਰੀਜ਼ਾਂ ਦੀ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਮਨੋਰੋਗਾਂ ਦੇ ਸੇਵਾ-ਮੁਕਤ ਮਾਹਿਰਾਂ ਦੀਆਂ ਸੇਵਾਵਾਂ ਲੈਣ ਤੇ ਪ੍ਰਾਈਵੇਟ ਮਾਹਿਰਾਂ ਦੀਆਂ ਪੂਰਾ ਸਮਾਂ ਜਾਂ ਪਾਰਟ ਟਾਈਮ ਸੇਵਾਵਾਂ ਹਾਸਲ ਕਰਨ ਦੇ ਹੁਕਮ ਦਿੱਤੇ।