ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ (ਬੀਜੇਪੀ) ਦੀ ਅੱਖ ਹੁਣ ਪੰਜਾਬ 'ਤੇ ਹੈ। ਦੇਸ਼ ਭਰ ਵਿੱਚ ਚੰਗਾ ਆਧਾਰ ਬਣਾਉਣ ਮਗਰੋਂ ਬੀਜੇਪੀ ਨੂੰ ਪੰਜਾਬ ਰੜਕ ਰਿਹਾ ਹੈ। ਇੱਥੇ ਅਜੇ ਪਾਰਟੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੀ ਰਹਿਮੋ-ਕਰਮ 'ਤੇ ਹੈ। ਪੰਜਾਬ ਬੀਜੇਪੀ ਪਿਛਲੇ ਸਮੇਂ ਵਿੱਚ ਅਕਾਲੀ ਦਲ ਤੋਂ ਵੱਧ ਸੀਟਾਂ ਦੀ ਮੰਗ ਕਰਦੀ ਰਹੀ ਹੈ ਪਰ ਹਾਈਕਮਾਨ ਨੇ ਇਸ ਨੂੰ ਨਹੀਂ ਗੌਲਿਆ। ਹੁਣ ਮੰਨਿਆ ਜਾ ਰਿਹਾ ਹੈ ਕਿ ਬੀਜੇਪੀ ਪੰਜਾਬ ਵਿੱਚ ਪੈਰ ਪਸਾਰਣ ਲਈ ਹੱਥ-ਪੈਰ ਮਾਰ ਰਹੀ ਹੈ।


ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਰਾਜ ਸਭਾ ਮੈਂਬਰ ਸਵੇਤ ਮਲਿਕ ਨੇ ਦਾਅਵਾ ਕੀਤਾ ਹੈ ਕਿ ਪੰਜਾਬ ’ਚ ਮੈਂਬਰਸ਼ਿਪ ਫਾਰਮ ਭਰਨ ਦਾ 2 ਲੱਖ ਦਾ ਟੀਚਾ ਰੱਖਿਆ ਗਿਆ ਸੀ ਪਰ ਸਮੇਂ ਤੋਂ ਪਹਿਲਾਂ ਹੀ 4 ਲੱਖ ਦਾ ਟੀਚਾ ਪੂਰਾ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਰਕਰਾਂ ਦੀ ਮਿਹਨਤ ਸਦਕਾ ਪੰਜਾਬ ਦੀ ਧਰਤੀ ’ਤੇ 2022 ਵਿੱਚ ਕਮਲ ਦਾ ਫੁੱਲ ਖਿੜਾ ਕੇ ਹੀ ਦਮ ਲੈਣਗੇ।

ਮਲਿਕ ਦੇ ਦਾਅਵੇ ਤੋਂ ਸਪਸ਼ਟ ਹੈ ਕਿ ਬੀਜੇਪੀ ਹੁਣ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਬਰਾਬਰ ਟਿਕਟਾਂ ਮੰਗੇਗੀ ਜਾਂ ਫਿਰ ਅਲੱਗ ਹੀ ਮੈਦਾਨ ਵਿੱਚ ਨਿੱਤਰ ਸਕਦੀ ਹੈ। ਉਂਝ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਬੀਜੇਪੀ ਤੇ ਆਰਐਸਐਸ ਦੇ ਏਜੰਡੇ ਕਰਕੇ ਔਖ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਅਗਲੇ ਸਮੇਂ ਵਿੱਚ ਇਹ ਗੱਠਜੋੜ ਟੁੱਟ ਸਕਦਾ ਹੈ।

ਸੂਤਰਾਂ ਮੁਤਾਬਕ ਬੀਜੇਪੀ ਸੁਪਰੀਮੋ ਅਮਿਤ ਸ਼ਾਹ ਖੁਦ ਪੰਜਾਬ ਦੀ ਸਿਆਸਤ ਵਿੱਚ ਦਿਲਚਸਪੀ ਲੈ ਰਹੇ ਹਨ। ਉਨ੍ਹਾਂ ਨੇ ਇਸ ਲਈ ਰਣਨੀਤੀ ਵੀ ਘੜੀ ਹੈ। ਬੀਜੇਪੀ ਪੰਜਾਬ ਵਿੱਚ ਸਿੱਖ ਤੇ ਜੱਟ ਚਿਹਰੇ ਨਾਲ ਹੀ ਅੱਗੇ ਵਧੇਗੀ। ਇਸ ਲਈ ਦੂਜੀਆਂ ਪਾਰਟੀਆਂ ਦੇ ਕੁਝ ਸੀਨੀਅਰ ਲੀਡਰਾਂ ਨੂੰ ਬੀਜੇਪੀ ਵਿੱਚ ਸ਼ਾਮਲ ਕਰਨ ਦੀ ਕਵਾਇਦ ਚੱਲ ਰਹੀ ਹੈ। ਇਸ ਲਈ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸਤ ਵਿੱਚ ਵੱਡਾ ਫੇਰਬਦਲ ਹੋਣ ਦੀ ਸੰਭਾਵਨਾ ਹੈ।