ਚੰਡੀਗੜ੍ਹ: ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦੀਆਂ ਪਾਣੀ ਵਾਲੀਆਂ ਬੱਸਾਂ ਤਾਂ ਕਾਮਯਾਬ ਨਹੀਂ ਹੋਈਆਂ ਪਰ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਿਜਲੀ ਵਾਲੀਆਂ ਬੱਸਾਂ ਦਾ ਤਜਰਬਾ ਕਰਨ ਜਾ ਰਹੇ ਹਨ। ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਤੋਂ ਪਟਿਆਲਾ ਤੱਕ ਅਜ਼ਮਾਇਸ਼ੀ ਤੌਰ ’ਤੇ ਪੰਜ ਇਲੈਕਟ੍ਰਿਕ ਬੱਸਾਂ ਚਲਾਉਣ ਬਾਰੇ ਜਾਪਾਨ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਹ ਬੱਸਾਂ ਤੇਜ਼ੀ ਨਾਲ ਚਾਰਜ ਹੋਣ ਵਾਲੀਆਂ ਲੀਥੀਅਮ ਆਇਨ ਬੈਟਰੀਆਂ ਵਾਲੇ ਇਲੈਕਟ੍ਰਿਕ ਵਹੀਕਲ (ਈਵੀ) ’ਤੇ ਆਧਾਰਤ ਹੋਣਗੀਆਂ।


ਦਿਲਚਸਪ ਹੈ ਕਿ ਅਕਾਲੀ ਦਲ-ਬੀਜੇਪੀ ਦੀ ਸਰਕਾਰ ਵੇਲੇ ਸੁਖਬੀਰ ਬਾਦਲ ਨੇ ਪਾਣੀ ਵਾਲੀਆਂ ਬੱਸਾਂ ਦਾ ਤਜਰਬਾ ਕੀਤਾ ਸੀ। ਸੁਖਬੀਰ ਦਾ ਸੁਫਨਾ ਸੀ ਕਿ ਨਹਿਰਾਂ ਵਿੱਚ ਬੱਸਾਂ ਚਲਾ ਕੇ ਆਵਜਾਈ ਨੂੰ ਸਸਤਾ ਤੇ ਸੌਖਾ ਕੀਤਾ ਜਾਵੇ। ਸੁਖਬੀਰ ਬਾਦਲ ਦਾ ਸੁਫਨਾ ਉਸ ਵੇਲੇ ਟੁੱਟ ਗਿਆ ਜਦੋਂ ਪਹਿਲੀ ਬੱਸ ਨੂੰ ਹੀ ਹਰੀਕੇ ਪੱਤਣ ਵਿੱਚ ਬ੍ਰੇਕਾਂ ਲੱਗ ਗਈਆਂ। ਇਸ ਲਈ ਸੁਖਬੀਰ ਬਾਦਲ ਦੀ ਅਲੋਚਨਾ ਵੀ ਹੋਈ ਸੀ।



ਸ਼ਾਇਦ ਪਾਣੀ ਵਾਲਾ ਤਜਰਬਾ ਫੇਲ੍ਹ ਹੋਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਿਜਲੀ ਵਾਲੀਆਂ ਬੱਸਾਂ ਦਾ ਤਜਰਬਾ ਕਰਨ ਜਾ ਰਹੇ ਹਨ। ਸਰਕਾਰੀ ਸੂਤਰਾਂ ਮੁਤਾਬਕ ਪੰਜਾਬ ਸਰਕਾਰ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸੰਮੇਲਨ-2019 ਦੌਰਾਨ ਇਸ ਬਾਰੇ ਜਾਪਾਨ ਦੀ ਈਵੀ ਕੌਰੀਡੋਰ ’ਤੇ ਵਿਚਾਰ-ਵਟਾਂਦਰੇ ਨੂੰ ਅੱਗੇ ਤੋਰੇਗੀ। ਇਸ ਦੀ ਪੁਸ਼ਟੀ ਇਨਵੈਸਟਮੈਂਟ ਪ੍ਰਮੋਸ਼ਨ ਤੇ ਉਦਯੋਗ ਤੇ ਵਣਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਵੀ ਕੀਤੀ ਹੈ।