Punjab News: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਪੰਜਾਬ ਵਿਚ ਨਸ਼ਿਆਂ ਨੂੰ ਖਤਮ ਕਰਨ ਲਈ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ। ਹੁਣ ਇਸ ਮੁਹਿੰਮ ਵਿਚ ਸਕੂਲੀ ਬੱਚਿਆਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਤਹਿਤ ਫਰੀਦਕੋਟ ‘ਚ ਨਸ਼ਾ ਰੋਕਣ ਲਈ ਸਰਕਾਰੀ ਸਕੂਲਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਸਰਕਾਰੀ ਸਕੂਲਾਂ ਦੇ ਨੇੜਲੀਆਂ ਦੁਕਾਨਾਂ ‘ਤੇ ਚੈਕਿੰਗ ਕੀਤੀ ਜਾਵੇ ਇਸ ਵਿਚ ਅਧਿਆਪਕ ਦੇ ਨਾਲ ਵੱਡੀ ਕਲਾਸ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਜਾਵੇ।
ਇਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦਾ ਸਖ਼ਤ ਵਿਰੋਧ ਹੋ ਰਿਹਾ ਹੈ। ਇਸ ਮੁੱਦੇ ਉੱਤੇ ਕਾਂਗਰਸ ਦੇ ਹਲਕਾ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਸਰਕਾਰੀ ਆਰਡਰ ਸਾਂਝਾ ਕਰਦਿਆਂ ਲਿਖਿਆ, ਅਧਿਆਪਕਾਂ ਨੂੰ IT ਸੈੱਲ ਵਜੋਂ ਵਰਤਣ ਤੋਂ ਬਾਅਦ ਹੁਣ ਭਗਵੰਤ ਮਾਨ ਸਰਕਾਰ ਵੱਲੋਂ ਸਕੂਲੀ ਬੱਚਿਆਂ ਨੂੰ ਨਸ਼ਿਆਂ ਦੀ ਚੈਕਿੰਗ ਲਈ ਦੁਕਾਨਾਂ ’ਤੇ ਭੇਜਣਾ ਸਰਾਸਰ ਖ਼ਤਰਨਾਕ ਤੇ ਗ਼ਲਤ ਫੈਸਲਾ ਹੈ।
ਪਰਗਟ ਸਿੰਘ ਨੇ ਕਿਹਾ ਕਿ ਇਹ ਗਲਤ ਕਦਮ ਬੱਚਿਆਂ ਦੀ ਪੜਾਈ ਤੋਂ ਧਿਆਨ ਵੀ ਹਟਾਉਂਦਾ ਹੈ ਅਤੇ ਓਹਨਾਂ ਦੀ ਸੁਰੱਖਿਆ ਨੂੰ ਵੀ ਖਤਰੇ ਵਿੱਚ ਪਾਉਂਦਾ ਹੈ। ਅਧਿਆਪਕ ਤੇ ਵਿਦਿਆਰਥੀ ਪੜ੍ਹਾਈ 'ਤੇ ਧਿਆਨ ਦੇਣਗੇ ਜਾਂ ਤੁਹਾਡੀ ਫੇਲ੍ਹ ਹੋਈ ‘ਸਿੱਖਿਆ ਕ੍ਰਾਂਤੀ’ ਤੇ ‘ਨਸ਼ਿਆਂ ਖਿਲਾਫ ਮੁਹਿੰਮ’ ਦੇ ਨਾਟਕ ਲਈ ਵਰਤੇ ਜਾਣਗੇ ?
ਮੈਂ ਇਸ ਫ਼ੈਸਲੇ ਦੀ ਸਖ਼ਤ ਨਿੰਦਾ ਕਰਦਾ ਹਾਂ ਅਤੇ ਸਮੂਹ ਮਾਪਿਆਂ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਖਤਰਨਾਕ ਕੰਮਾਂ ਤੋਂ ਬਚਾਉਣ ਲਈ ਆਵਾਜ਼ ਉਠਾਉਣ। ਭਗਵੰਤ ਮਾਨ ਜੀ, ਅਧਿਆਪਕਾਂ ਨੂੰ IT ਸੈੱਲ ਵਜੋਂ ਵਰਤਣ ਦੀ ਬਜਾਏ ਆਪਣੇ ਲੋਕ ਸੰਪਰਕ ਵਿਭਾਗ ਨੂੰ ਵਰਤੋ, ਅਤੇ ਬੱਚਿਆਂ ਨੂੰ ਨਸ਼ਾ ਰੋਕੂ ਦਲ ਬਣਾਉਣ ਦੀ ਬਜਾਏ ਉਹ ਪੁਲਿਸ ਵਰਤੋ ਜੋ ਤੁਸੀਂ ਆਪਣੀ ਤੇ ਦਿੱਲੀ ਵਾਲਿਆਂ ਦੀ ਸੁਰੱਖਿਆ 'ਚ ਲਗਾ ਰੱਖੀ ਹੈ।
ਦੱਸ ਦਈਏ ਕਿ ਹੁਕਮਾਂ ਵਿਚ ਕਿਹਾ ਗਿਆ ਹੈ ਕਿ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਟੀਮਾਂ ਬਣਾਈਆਂ ਜਾਣ, ਜੋ ਕਿ ਸਰਕਾਰੀ ਸਕੂਲਾਂ ਦੇ ਨੇੜਲੀਆਂ ਦੁਕਾਨਾਂ ‘ਤੇ ਚੈਕਿੰਗ ਕਰਨਗੇ। ਟੀਮ ਵਿਚ 10 ਵਿਦਿਆਰਥੀਆਂ ਨਾਲ ਇੱਕ ਅਧਿਆਪਕ ਹੋਵੇਗਾ।
ਇਹ ਹੁਕਮ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਹਨ। ਵਿਦਿਆਰਥੀਆਂ ਦੇ ਗਰੁੱਪ ਬਣਾ ਕੇ ਅਤੇ ਉਹਨਾਂ ਨਾਲ਼ ਇੱਕ ਨੋਡਲ ਅਧਿਆਪਕ ਲਗਾ ਕੇ ਇਸ ਦੀ ਲਿਸਟ ਬਣਾ ਕੇ ਭੇਜਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ। ਦੱਸ ਦੇਈਏਕਿ ਜ਼ਿਲ੍ਹੇ ਦੇ 85 ਸਕੂਲਾਂ ਨੂੰ ਇਹ ਹੁਕਮ ਜਾਰੀ ਕੀਤੇ ਗਏ ਹਨ।