ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕਸੂਤਾ ਫਸਾ ਦਿੱਤਾ ਹੈ। ਕੈਪਟਨ ਨੇ ਸਰਹੱਦੋਂ ਪਾਰ ਪਾਕਿਸਤਾਨ ਵਿੱਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਰ ਹਰਸਿਮਰਤ ਬਾਦਲ ਵੱਲੋਂ ਪਾਕਿਸਤਾਨ ਜਾਣ ਦੀ ਤਿਆਰੀ ਹੈ। ਇਸ ਲਈ ਸਵਾਲ ਉੱਠ ਰਹੇ ਹਨ ਕਿ ਸਿੱਧੂ ਦੀ ਪਾਕਿਸਤਾਨ ਫੇਰੀ ਦੀ ਅਲੋਚਨਾ ਕਰਨ ਵਾਲੀ ਹਰਸਿਮਰਤ ਬਾਦਲ ਕਿਸ ਮੂੰਹ ਨਾਲ ਗੁਆਂਢੀ ਮੁਲਕ ਜਾਏਗੀ।

ਯਾਦ ਰਹੇ ਹਰਸਿਮਰਤ ਬਾਦਲ ਨੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਜਾਣ ਦੀ ਸਭ ਤੋਂ ਵੱਧ ਅਲੋਚਨਾ ਕੀਤੀ ਸੀ। ਉਨ੍ਹਾਂ ਦਾ ਦਾਅਵਾ ਸੀ ਕਿ ਸਿੱਧੂ ਨੇ ਪਾਕਿਸਤਾਨ ਜਾ ਕੇ ਸ਼ਹੀਦਾਂ ਦਾ ਅਪਮਾਣ ਕੀਤਾ ਹੈ ਕਿਉਂਕਿ ਪਾਕਿਸਤਾਨ ਰੋਜ਼ਾਨਾ ਸਰਹੱਦ ਉੱਪਰ ਭਾਰਤੀ ਸੈਨਿਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਉਨ੍ਹਾਂ ਨੇ ਤਾਂ ਸਿੱਧੂ ਨੂੰ ਗਦਾਰ ਤੱਕ ਕਹਿ ਦਿੱਤਾ ਸੀ।

ਹੁਣ ਕੈਪਟਨ ਅਮਰਿੰਦਰ ਨੇ ਵੀ ਹਰਸਿਮਰਤ ਵਾਲਾ ਦਾਅਵਾ ਕਰਦਿਆਂ ਕਿਹਾ ਕਿ ਪਾਕਿਸਤਾਨੀ ਰੇਂਜਰਸ ਸਰਹੱਦ ’ਤੇ ਲਗਾਤਾਰ ਭਾਰਤੀ ਜਵਾਨਾਂ ਦਾ ਖ਼ੂਨ ਵਹਾ ਰਹੇ ਹਨ। ਪੰਜਾਬ ਵਿੱਚ ਵੀ ਅੱਤਵਾਦੀ ਘਟਨਾਵਾਂ ਹੋ ਰਹੀਆਂ ਹਨ। ਇਸ ਲਈ ਜਿਸ ਦਿਨ ਇਹ ਖ਼ੂਨੀ ਜੰਗ ਖ਼ਤਮ ਹੋ ਜਾਏਗੀ, ਉਹ ਉਦੋਂ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣਗੇ।

ਦੂਜੇ ਪਾਸੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਲਈ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੀ ਥਾਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਤੇ ਐਸਐਸ ਪੁਰੀ ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿੱਚ ਹਾਜ਼ਰੀ ਭਰਨਗੇ। ਸੁਸ਼ਮਾ ਦਾ ਕਹਿਣਾ ਹੈ ਕਿ ਤੇਲੰਗਾਨਾ ਵਿੱਚ ਚੋਣ ਪ੍ਰਚਾਰ ਵਿੱਚ ਰੁੱਝੇ ਹੋਣ ਕਰਕੇ ਉਹ ਪਾਕਿਸਤਾਨ ਨਹੀਂ ਜਾ ਸਕਦੇ ਪਰ ਇਸ ਸਮਾਗਮ ਵਿੱਚ ਹਰਸਿਮਰਤ ਕੌਰ ਬਾਦਲ ਤੇ ਐਸਐਸ ਪੁਰੀ ਭਾਰਤ ਦੀ ਨੁਮਾਇੰਦਗੀ ਕਰਨਗੇ। ਅਜਿਹੇ ਵਿੱਚ ਹਰਸਿਮਰਤ ਬਾਦਲ ਕਸੂਤੀ ਘਿਰ ਗਈ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕੱਲ੍ਹ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਭੇਜਿਆ ਸੀ।