ਪਟਿਆਲਾ: ਖੇਤੀ ਕਾਨੂੰਨਾਂ ਖਿਲਾਫ ਡਟੇ ਕਿਸਾਨ ਹੁਣ ਬੀਜੇਪੀ ਤੋਂ ਇਲਾਵਾ ਹੋਰ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਵੀ ਘੇਰਨ ਲੱਗੇ ਹਨ। ਵੀਰਵਾਰ ਨੂੰ ਕਿਸਾਨਾਂ ਨੇ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਘੇਰਿਆ।


ਚੰਦੂਮਾਜਰਾ ਘਨੌਰ ਹਲਕੇ ਦੇ ਗੁਰਦੁਆਰਾ ਨਿੰਮ ਸਾਹਿਬ ਆਕੜ ਵਿੱਚ ਅਕਾਲੀ ਤੇ ਬਸਪਾ ਵਰਕਰਾਂ ਨਾਲ ਮੀਟਿੰਗ ਕਰ ਰਹੇ ਸਨ। ਇਸ ਦੌਰਾਨ ਕਿਸਾਨਾਂ ਨੂੰ ਮੀਟਿੰਗ ਬਾਰੇ ਪਤਾ ਅੱਗਾ ਤਾਂ ਧਰੇੜੀ ਜੱਟਾਂ ਟੌਲ ਪਲਾਜ਼ੇ ’ਤੇ ਪੱਕਾ ਧਰਨਾ ਲਾਈ ਬੈਠੇ ਕਿਸਾਨ ਕਾਲ਼ੀਆਂ ਝੰਡੀਆਂ ਨਾਲ ਲੈਸ ਹੋ ਕੇ ਇੱਥੇ ਪੁੱਜ ਗਏ। ਕਿਸਾਨਾਂ ਨੇ ਕਾਂਗਰਸੀਆਂ ਤੇ ਅਕਾਲੀਆਂ ਨੂੰ ਲੰਮੇ ਹੱਥੀਂ ਲੈਂਦਿਆਂ ਨਾਅਰੇਬਾਜ਼ੀ ਵੀ ਕੀਤੀ।


ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੇ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨਾਲ ਸਬੰਧਤ ਪ੍ਰਦਰਸ਼ਨਕਾਰੀਆਂ ਨੇ ਜੰਮ ਨੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦੀ ਆਮਦ ਦਾ ਪਤਾ ਲੱਗਦਿਆਂ ਹੀ ਚੰਦੂਮਾਜਰਾ ਮੀਟਿੰਗ ਵਿਚਾਲੇ ਛੱਡ ਕੇ ਉੱਥੋਂ ਚਲੇ ਗਏ ਪਰ ਅਕਾਲੀ ਆਗੂ ਨਰਦੇਵ ਆਕੜੀ ਕਿਸਾਨਾਂ ਨਾਲ਼ ਗੱਲਬਾਤ ਕਰਨ ਲੱਗੇ ਤਾਂ ਦੋਵਾਂ ਧਿਰਾਂ ਵਿੱਚ ਭਖਵੀਂ ਬਹਿਸ ਵੀ ਹੋਈ। ਆਕੜੀ ਨੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦੇ ਅਸਤੀਫ਼ੇ ਸਮੇਤ ਕਈ ਹੋਰ ਦਲੀਲਾਂ ਸਹਿਤ ਅਕਾਲੀ ਦਲ ਦੇ ਕਿਸਾਨ ਹਿਤੈਸ਼ੀ ਹੋਣ ਬਾਰੇ ਪੱਖ ਰੱਖਿਆ।


ਦੂਜੇ ਪਾਸੇ ਕਿਸਾਨਾਂ ਨੇ ਕਿਹਾ ਕਿ ਕਾਨੂੰਨ ਬਣਵਾਉਣ ਮਗਰੋਂ ਅਸਤੀਫ਼ਾ ਦੇਣ ਨਾਲ ਅਕਾਲੀ ਕਾਨੂੰਨ ਸਮਰਥਕ ਹੋਣ ਤੋਂ ਸੁਰਖਰੂ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਕਈ ਮਹੀਨਿਆਂ ਤੋਂ ਧਰੇੜੀ ਟੌਲ ਪਲਾਜ਼ੇ ’ਤੇ ਧਰਨਾ ਮਾਰ ਕੇ ਬੈਠੀਆਂ ਬੀਬੀਆਂ ਦੀ ਅਕਾਲੀਆਂ ਨੇ ਕਦੇ ਸਾਰ ਵੀ ਨਹੀਂ ਲਈ। ਅੱਜ ਵੋਟਾਂ ਦੀ ਖਾਤਰ ਮੀਟਿੰਗਾਂ ਕਰਨ ਪੁੱਜ ਗਏ ਹਨ।


ਕਿਸਾਨਾਂ ਨੇ ਤਿੰਨੋਂ ਖੇਤੀ ਕਾਨੂੰਨ ਰੱਦ ਹੋਣ ਤੱਕ ਕਿਸੇ ਨੂੰ ਵੀ ਰਾਜਸੀ ਮੀਟਿੰਗਾਂ ਨਾ ਕਰਨ ਦੇਣ ਦਾ ਐਲਾਨ ਵੀ ਕੀਤਾ। ਬਹਿਸ ਦੌਰਾਨ ਅਕਾਲੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਦੱਸਦਿਆਂ ਉਨ੍ਹਾਂ ਕਿਹਾ ਕਿ ਹੁਣ ਰਾਜਸੀ ਸਰਗਰਮੀਆਂ ਲਈ ਗੁਰਦੁਆਰਿਆਂ ਦਾ ਸਹਾਰਾ ਲਿਆ ਜਾ ਰਿਹਾ ਹੈ।


ਇਹ ਵੀ ਪੜ੍ਹੋ: Corona Vaccine: ਮੁਹਾਲੀ ਸਣੇ ਦੇਸ਼ ਦੇ 9 ਸ਼ਹਿਰਾਂ 'ਚ ਉਪਲਬਧ ਹੋਵੇਗੀ ਰੂਸੀ ਵੈਕਸੀਨ Sputnik V


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904