ਚੰਡੀਗੜ੍ਹ: ਅਬੋਹਰ ਦੇ ਬੀਜੇਪੀ ਵਿਧਾਇਕ ਅਰੁਨ ਨਾਰੰਗ 'ਤੇ ਹਮਲੇ ਮਗਰੋਂ ਪੰਜਾਬ ਅੰਦਰ ਬੀਜੇਪੀ ਲੀਡਰ ਪੁਲਿਸ ਦੇ ਸਖਤ ਸੁਰੱਖਿਆ ਪਹਿਰੇ ਹੇਠ ਪ੍ਰੋਗਰਾਮ ਕਰਨ ਲੱਗੇ ਹਨ। ਅੱਜ ਸਾਬਕਾ ਕੈਬਨਿਟ ਮੰਤਰੀ ਤੇ ਬੀਜੇਪੀ ਦੇ ਸੀਨੀਅਰ ਲੀਡਰ ਮਦਨ ਮੋਹਨ ਮਿੱਤਲ ਨੇ ਜਲੰਧਰ ਵਿੱਚ ਪ੍ਰੈੱਸ ਕਾਨਫਰੰਸ ਕੀਤੀ।


ਮਲੋਟ ਵਾਲੀ ਘਟਨਾ ਨੂੰ ਦੇਖਦੇ ਹੋਏ ਬੀਜੇਪੀ ਲੀਡਰ ਦੀ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਜਲੰਧਰ ਦੇ ਰਮਾਡਾ ਹੋਟਲ ਨੂੰ ਪੁਲਿਸ ਵੱਲੋਂ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਤੋਂ ਪਹਿਲੇ ਜਲੰਧਰ ਦੇ ਸੀਨੀਅਰ ਪੁਲਿਸ ਅਧਿਕਾਰੀ ਆਪਣੇ ਪੂਰੇ ਲਾਮ ਲਸ਼ਕਰ ਨਾਲ ਇੱਥੇ ਪਹੁੰਚੇ ਤੇ ਹੋਟਲ ਦੇ ਦੋਨੋਂ ਪਾਸੇ ਭਾਰੀ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਨੂੰ ਤਾਇਨਾਤ ਕੀਤਾ ਗਿਆ।

ਪ੍ਰੈੱਸ ਵਾਰਤਾ ਦੌਰਾਨ ਮਦਨ ਮੋਹਨ ਮਿੱਤਲ ਦੇ ਨਾਲ ਜਲੰਧਰ ਦੇ ਕਈ ਹੋਰ ਸੀਨੀਅਰ ਭਾਜਪਾ ਨੇਤਾ ਵੀ ਮੌਜੂਦ ਸਨ। ਇਸ ਦੌਰਾਨ ਮਦਨ ਮਿੱਤਲ ਨੇ ਜਿੱਥੇ ਕੈਪਟਨ ਸਰਕਾਰ ਦੇ ਪਿਛਲੇ ਚਾਰ ਸਾਲਾਂ ਵਿੱਚ ਉਨ੍ਹਾਂ ਦੀਆਂ ਨਾਕਾਮਯਾਬੀਆਂ ਗਿਣਾਈਆਂ, ਇਸ ਦੇ ਨਾਲ ਹੀ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਉਸ ਬਿਆਨ ਦਾ ਖੰਡਨ ਵੀ ਕੀਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਭਾਜਪਾ ਲੋਕਾਂ ਨੂੰ ਧਰਮ ਦੇ ਆਧਾਰ ਤੇ ਵੰਡਦੀ ਹੈ।

ਮਲੋਟ ਵਾਲੀ ਘਟਨਾ ਨੂੰ ਲੈ ਕੇ ਜਿੱਥੇ ਮਦਨ ਮੋਹਨ ਮਿੱਤਲ ਨੇ ਇਸ ਨੂੰ ਪੁਲਿਸ ਦੀ ਨਲਾਇਕੀ ਕਿਹਾ। ਦੂਸਰੇ ਪਾਸੇ ਉਹ ਪੁਲਿਸ ਦੀ ਤਾਰੀਫ ਕਰਦੇ ਵੀ ਨਜ਼ਰ ਆਏ। ਪੂਰੀ ਪ੍ਰੈੱਸ ਵਾਰਤਾ ਦੌਰਾਨ ਮਦਨ ਮੋਹਨ ਮਿੱਤਲ ਹਰ ਸਵਾਲ ਉੱਪਰ ਆਪਣੀ ਦੋਹਰੀ ਨੀਤੀ ਨੂੰ ਦਰਸਾਉਂਦੇ ਰਹੇ। ਇਸ ਮੌਕੇ ਭਾਜਪਾ ਵੱਲੋਂ ਸਿੱਖਾਂ ਵਿਰੁੱਧ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣ ਵਾਲੇ ਸਵਾਲ ਨੂੰ ਟਾਲਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ।

 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ