ਚੰਡੀਗੜ੍ਹ: ਦੋ ਹੋਰ ਉਮੀਦਵਾਰਾਂ ਦੇ ਐਲਾਨ ਨਾਲ ਕਾਂਗਰਸ ਨੇ ਹੁਣ ਤੱਕ 13 ਵਿੱਚੋਂ 11 ਹਲਕਿਆਂ ਵਿੱਚ ਪੱਤੇ ਖੋਲ੍ਹ ਦਿੱਤੇ ਹਨ। ਹੁਣ ਸਭ ਦੀਆਂ ਨਜ਼ਰਾਂ ਬਠਿੰਡਾ ਤੇ ਫਿਰੋਜ਼ਪੁਰ 'ਤੇ ਲੱਗੀਆਂ ਹੋਈਆਂ ਹਨ। ਇਨ੍ਹਾਂ ਦੋਵਾਂ ਹਲਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਅਜੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਅਕਾਲੀ ਦਲ ਦੇ ਐਲਾਨ ਮਗਰੋਂ ਹੀ ਆਪਣੇ ਪੱਤੇ ਖੋਲ੍ਹਣੇ ਚਾਹੁੰਦੀ ਹੈ।

ਦਰਅਸਲ ਚਰਚਾ ਹੈ ਕਿ ਇਸ ਵਾਰ ਇਨ੍ਹਾਂ ਦੋਵਾਂ ਸੀਟਾਂ ਤੋਂ ਬਾਦਲ ਪਰਿਵਾਰ ਦੇ ਮੈਂਬਰ ਮੈਦਾਨ ਵਿੱਚ ਉੱਤਰਣ ਦੀ ਰਣਨੀਤੀ ਬਣਾ ਰਹੇ ਹਨ। ਇਸ ਲਈ ਕਾਂਗਰਸ ਵੀ ਉਸ ਹਿਸਾਬ ਨਾਲ ਹੀ ਆਪਣੇ ਵੱਡੇ ਉਮੀਦਵਾਰ ਉਤਾਰ ਕੇ ਬਾਦਲ ਪਰਿਵਾਰ ਨੂੰ ਇਨ੍ਹਾਂ ਹਲਕਿਆਂ ਵਿੱਚ ਹੀ ਉਲਝਾਉਣਾ ਚਾਹੁੰਦੀ ਹੈ। ਉਧਰ, ਅਕਾਲੀ ਦਲ ਵੀ ਚਾਹੁੰਦਾ ਹੈ ਕਿ ਪਹਿਲਾਂ ਕਾਂਗਰਸ ਆਪਣੇ ਪੱਤੇ ਖੋਲ੍ਹ ਦੇਵੇ ਤੇ ਉਸ ਮੁਤਾਬਕ ਹੀ ਫੈਸਲਾ ਲਿਆ ਜਾਵੇ।

ਸ਼੍ਰੋਮਣੀ ਅਕਾਲੀ ਦਲ ਦੇ ਸੂਤਰਾਂ ਮੁਤਾਬਕ ਇਸ ਵਾਰ ਹਰਸਿਰਮਤ ਕੌਰ ਬਾਦਲ ਬਠਿੰਡਾ ਹਲਕੇ ਤੋਂ ਹੀ ਚੋਣ ਲੜਨਗੇ। ਸੁਖਬੀਰ ਬਾਦਲ ਵੱਲੋਂ ਫਿਰੋਜ਼ਪੁਰ ਤੋਂ ਚੋਣ ਲੜਨ ਦੀ ਚਰਚਾ ਜ਼ਰੂਰ ਹੈ ਪਰ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ। ਇਸ ਲਈ ਦੋਵੇਂ ਪਾਰਟੀਆਂ ਇੱਕ-ਦੂਜੇ ਵੱਲ ਵੇਖ ਰਹੀਆਂ ਹਨ। ਉਂਝ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਸੀ ਕਿ ਵਿਸਾਖੀ ਤੋਂ ਪਹਿਲਾਂ-ਪਹਿਲਾਂ ਦੋਵਾਂ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਏਗਾ।