Punajb News: ਪੰਜਾਬ ਵਿੱਚ ਆਮ ਆਦਮੀ ਕਲੀਨਿਕ ਤੋਂ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਹੁਣ ਵਟਸਐਪ 'ਤੇ ਹੀ ਦਵਾਈ ਦੇ ਸਮੇਂ, ਅਗਲੀ ਮੁਲਾਕਾਤ ਦੀ ਮਿਤੀ ਅਤੇ ਮੈਡੀਕਲ ਰਿਪੋਰਟ ਬਾਰੇ ਜਾਣਕਾਰੀ ਮਿਲੇਗੀ। ਇਹ ਸਹੂਲਤ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਵਟਸਐਪ ਇੰਟੀਗ੍ਰੇਸ਼ਨ ਸਿਸਟਮ ਰਾਹੀਂ, ਨੁਸਖੇ ਅਤੇ ਮਹੱਤਵਪੂਰਨ ਸਿਹਤ ਵੇਰਵੇ ਸਿੱਧੇ ਮਰੀਜ਼ਾਂ ਦੇ ਮੋਬਾਈਲ 'ਤੇ ਭੇਜੇ ਜਾਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਸਰਕਾਰੀ ਹਸਪਤਾਲਾਂ ਦੀ ਹਾਲਤ ਬਹੁਤ ਮਾੜੀ ਸੀ, ਕਬੂਤਰਾਂ ਨੇ ਐਕਸ-ਰੇ ਅਤੇ ਐਮਆਰਆਈ ਮਸ਼ੀਨਾਂ ਵਿੱਚ ਆਲ੍ਹਣੇ ਬਣਾਏ ਸਨ, ਪਰ ਹੁਣ ਸਥਿਤੀ ਵਿੱਚ ਸੁਧਾਰ ਹੋਇਆ ਹੈ। ਆਉਣ ਵਾਲੇ ਦੋ ਮਹੀਨਿਆਂ ਵਿੱਚ 200 ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ ਤੇ ਚਾਰ ਨਵੇਂ ਮੈਡੀਕਲ ਕਾਲਜ ਵੀ ਬਣਾਏ ਜਾਣਗੇ।

ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਰਕਾਰੀ ਹਸਪਤਾਲਾਂ ਦਾ ਬੁਰਾ ਹਾਲ ਕਰ ਦਿੱਤਾ ਸੀ, ਟੈਸਟ ਰਿਪੋਰਟਾਂ ਦੀਆਂ ਮਸ਼ੀਨਾਂ ‘ਚ ਕਬੂਤਰਾਂ ਦੇ ਆਲ੍ਹਣੇ ਸੀ, ਹੁਣ ਅਸੀਂ ਸਰਕਾਰੀ ਹਸਪਤਾਲਾਂ ਦੇ ਹਾਲਾਤ ਬਦਲੇ ਹਨ, ਸਪੈਸ਼ਲ ਮਸ਼ੀਨਾਂ ਰੱਖੀਆਂ ਜਾ ਰਹੀਆਂ ਹਨ, ਹਸਪਤਾਲ ‘ਚ ਬਾਹਰੀ ਦਵਾਈਆਂ ਬੰਦ ਕੀਤੀਆਂ ਹਨ, ਮਰੀਜ਼ ਨੂੰ ਹਸਪਤਾਲ ‘ਚੋਂ ਲਿਖੀ ਦਵਾਈ ਹਸਪਤਾਲ ‘ਚੋਂ ਮਿਲਦੀ ਹੈ, ਸਰਕਾਰੀ ਹਸਪਤਾਲਾਂ ‘ਚ ਲੋਕਾਂ ਦਾ ਵਿਸ਼ਵਾਸ ਪੈਦਾ ਕਰ ਰਹੇ ਹਾਂ

ਇਸ ਦੇ ਨਾਲ ਹੀ, ਦੇਸ਼ ਦੀ ਸਭ ਤੋਂ ਵੱਡੀ ਸਿਹਤ ਯੋਜਨਾ 2 ਅਕਤੂਬਰ ਤੋਂ ਸ਼ੁਰੂ ਹੋਵੇਗੀ, ਜਿਸ ਦੇ ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਅੱਜ ਵੀ ਲੋਕ ਸਿਰਫ਼ ਸਰਕਾਰੀ ਨੌਕਰੀਆਂ 'ਤੇ ਭਰੋਸਾ ਕਰਦੇ ਹਨ, ਕਿਸੇ ਹੋਰ ਸਰਕਾਰੀ ਸਹੂਲਤ 'ਤੇ ਨਹੀਂ ਕਿਉਂਕਿ ਨੌਕਰੀ ਮੌਤ ਤੋਂ ਬਾਅਦ ਵੀ ਸੁਰੱਖਿਆ ਪ੍ਰਦਾਨ ਕਰਦੀ ਹੈ ਪਰ ਹੁਣ ਸਥਿਤੀ ਬਦਲ ਰਹੀ ਹੈ ਅਤੇ ਪੰਜਾਬ ਵਿੱਚ ਸੁਧਾਰ ਦਿਖਾਈ ਦੇ ਰਿਹਾ ਹੈ। ਉਨ੍ਹਾਂ ਮਾਣ ਨਾਲ ਕਿਹਾ ਕਿ ਜਦੋਂ ਵੀ ਪੰਜਾਬੀਆਂ ਨੂੰ ਮੌਕਾ ਮਿਲਦਾ ਹੈ, ਉਹ ਹਰ ਖੇਤਰ ਵਿੱਚ ਅੱਗੇ ਹੁੰਦੇ ਹਨ - ਭਾਵੇਂ ਉਹ ਮਾਈਕ੍ਰੋਸਾਫਟ ਹੋਵੇ ਜਾਂ ਬੋਇੰਗ ਵਰਗੀਆਂ ਵੱਡੀਆਂ ਕੰਪਨੀਆਂ, ਪੰਜਾਬੀ ਹਰ ਜਗ੍ਹਾ ਹਾਵੀ ਹੋ ਰਹੇ ਹਨ।