Punjab News: ਪੰਜਾਬ ਦੇ ਗੁਰਦਾਸਪੁਰ 'ਚ ਪੁਰਾਣੀ ਰੰਜਿਸ਼ ਦੇ ਚੱਲਦੇ ਇਕ ਔਰਤ 'ਤੇ ਕਿਰਚਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਸਲਿੰਦਰ ਕੌਰ ਵਜੋਂ ਹੋਈ ਹੈ। ਇਹ ਘਟਨਾ ਪੁਰਾਣਾ ਸ਼ਾਲਾ ਥਾਣਾ ਖੇਤਰ ਦੇ ਪਿੰਡ ਨਵਾਂ ਪਿੰਡ ਬਹਾਦਰਪੁਰ ਦੀ ਹੈ।


ਘਟਨਾ ਸਮੇਂ ਸਲਿੰਦਰ ਕੌਰ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਜਾ ਰਹੀ ਸੀ। ਇਸ ਦੌਰਾਨ ਮੁਲਜ਼ਮਾਂ ਨੇ ਉਸ ’ਤੇ ਕਿਰਚਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਗੰਭੀਰ ਜ਼ਖਮੀ ਔਰਤ ਨੂੰ ਤੁਰੰਤ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।


ਹੋਰ ਪੜ੍ਹੋ : Punjab News: ਪੰਜਾਬ 'ਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਚੱਲੀਆਂ ਤਾਬ*ੜਤੋੜ ਗੋਲੀਆਂ, ਦੋ ਮੁਲਜ਼ਮਾਂ ਦਾ ਕੀਤਾ ਐਨਕਾਊਂਟਰ, ਇੱਕ ਦੇ ਵੱਜੀ ਗੋ*ਲੀ



ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਸ਼ੀ ਫਰਾਰ ਹੈ। ਪੁਲਿਸ ਅਨੁਸਾਰ ਇਹ ਕਤਲ ਪੁਰਾਣੀ ਰੰਜਿਸ਼ ਦਾ ਨਤੀਜਾ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।


ਮ੍ਰਿਤਕ ਔਰਤ ਦੇ ਪਤੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ 14 ਜਨਵਰੀ ਨੂੰ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲੇ ਸ਼ਿੰਗਾਰਾ ਸਿੰਘ ਨੇ ਆਪਣੀ ਹਵੇਲੀ 'ਚ ਲੋਹੜੀ ਦਾ ਤਿਉਹਾਰ ਮਨਾਉਣ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ। ਉਹ ਆਪਣੀ ਪਤਨੀ ਸਲਿੰਦਰ ਕੌਰ ਅਤੇ ਬੇਟੇ ਹਰਮਨਪ੍ਰੀਤ ਸਿੰਘ ਨਾਲ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਗਿਆ ਸੀ। ਇਸੇ ਦੌਰਾਨ ਮੁਲਜ਼ਮ ਨਰਿੰਜਨ ਸਿੰਘ ਉਥੇ ਆ ਗਿਆ ਅਤੇ ਉਨ੍ਹਾਂ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ।


ਜਦੋਂ ਪਤਨੀ ਅਤੇ ਪੁੱਤਰ ਨੇ ਮੁਲਜ਼ਮ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਮੁਲਜ਼ਮ ਨੇ ਸਲਿੰਦਰ ਕੌਰ ’ਤੇ 3 ਵਾਰ ਕਿਰਚਾਂ ਨਾਲ ਹਮਲਾ ਕਰ ਦਿੱਤਾ। ਉਸ ਦੇ ਪੇਟ ਵਿਚ ਇਕ ਵਾਰ ਅਤੇ ਛਾਤੀ 'ਤੇ ਦੋ ਵਾਰ ਕਿਰਚਾਂ ਮਾਰੀਆਂ ਗਈਆਂ ਸੀ। ਜਿਸ ਤੋਂ ਬਾਅਦ ਔਰਤ ਗੰਭੀਰ ਰੂਪ 'ਚ ਜ਼ਖਮੀ ਹੋ ਕੇ ਜ਼ਮੀਨ 'ਤੇ ਡਿੱਗ ਗਈ। ਘਟਨਾ ਤੋਂ ਤੁਰੰਤ ਬਾਅਦ ਦੋਸ਼ੀ ਫਰਾਰ ਹੋ ਗਿਆ। ਇਸ ਤੋਂ ਬਾਅਦ ਉਸ ਦਾ ਪਤੀ ਅਤੇ ਪੁੱਤਰ ਜ਼ਖ਼ਮੀ ਸਲਿੰਦਰ ਕੌਰ ਨੂੰ ਇਲਾਜ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਲੈ ਗਏ। ਮੁਲਜ਼ਮ ਐਨਆਰਆਈ ਗਰੀਸ ਤੋਂ ਅੱਠ ਸਾਲ ਬਾਅਦ ਪਿੰਡ ਆਇਆ ਸੀ। ਪਿੰਡ ਆ ਕੇ ਉਸ ਨੇ ਇਸ ਘਟਨਾ ਨੂੰ ਅੰਜ਼ਾਮ ਦੇ ਦਿੱਤਾ। ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਹੈ।