Gurdaspur News: ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਨੜਾਵਾਲੀ ਵਿੱਚ ਐਨਆਰਆਈ ਡਾਕਟਰ ਕੁਲਜੀਤ ਸਿੰਘ ਵੱਲੋਂ ਆਪਣੀ ਜੇਬ ਵਿੱਚੋਂ ਢੇਡ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਈਆਂ ਸਰਕਾਰੀ ਮਿਡਲ ਸਕੂਲ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੀਆਂ ਨਵੀਆਂ ਇਮਾਰਤਾਂ ਦਾ ਉਦਘਾਟਨ ਕਰਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਖਾਸ ਤੌਰ 'ਤੇ ਪਹੁੰਚੇ। ਇਸ ਮੌਕੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਐਨਆਰਆਈ ਡਾਕਟਰ ਕੁਲਜੀਤ ਸਿੰਘ ਵੱਲੋਂ ਕੀਤੇ ਇਸ ਉਪਰਾਲੇ ਨੂੰ ਸਲਾਘਾਯੋਗ ਦੱਸਦੇ ਕਿਹਾ ਕਿ ਐਨਆਰਆਈ ਪੰਜਾਬੀਆਂ ਨੂੰ ਇਸੇ ਤਰ੍ਹਾਂ ਪੰਜਾਬ ਦੇ ਵਿਕਾਸ ਵਿੱਚ ਆਪ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ ਹੈ। 



ਵਿੱਤ ਮੰਤਰੀ ਨੇ ਕਿਹਾ ਕਿ ਆਪ ਸਰਕਾਰ ਪੰਜਾਬ ਦੇ ਉਚੇਰੇ ਵਿਕਾਸ, ਸਹਿਤ ਤੇ ਸਿੱਖਿਆ ਸਹੂਲਤਾਂ ਲੋਕਾਂ ਨੂੰ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਤੇ ਇਸ ਉਤੇ ਕੰਮ ਵੀ ਕਰ ਰਹੀ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਪੰਜਾਬ ਸਰਕਾਰ ਵੱਲੋਂ ਅਕਤੂਬਰ ਤਕ ਹੀ ਲਏ ਗਏ 13640 ਕਰੋੜ ਦੇ ਕਰਜੇ ਨੂੰ ਲੈ ਕੇ ਕਿਹਾ ਕਿ ਪੰਜਾਬ ਦਾ ਕਰਜਾ ਪਹਿਲੀਆਂ ਸਰਕਾਰਾਂ ਦੀ ਦੇਣ ਹੈ। ਅਸੀਂ ਤਾਂ ਉਸੇ ਕਰਜੇ ਦੀਆਂ ਕਿਸ਼ਤਾਂ ਹੀ ਉਤਾਰ ਰਹੇ ਹਾਂ। ਇਸੇ ਲਈ ਸਾਨੂੰ ਹੋਰ ਕਰਜਾ ਚੁੱਕਣਾ ਪੈ ਰਿਹਾ ਹੈ। 



ਇਸ ਦੇ ਨਾਲ ਹੀ ਹਰਿਆਣਾ ਤੇ ਹਿਮਾਚਲ ਨਾਲੋਂ ਪੰਜਾਬ ਦੀ ਜੀਐਸਟੀ ਕੁਲੈਕਸ਼ਨ ਘੱਟ ਹੋਣ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਜੀਐਸਟੀ ਦੀ ਦਰ ਇੱਕ ਮਹੀਨੇ ਨਾਲ ਹੀ ਅੰਦਾਜਾ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਸਰਕਾਰਾਂ ਪੂਰੇ ਸਾਲ ਦੀ ਜੀਐਸਟੀ ਨੂੰ ਕਾਊਂਟ ਕਰਦੀਆਂ ਹਨ। ਗੋਲਡੀ ਬਰਾੜ ਦੀ ਗ੍ਰਿਫਤਾਰੀ ਨੂੰ ਲੈ ਕੇ ਵਿੱਤ ਮੰਤਰੀ ਨੇ ਕਿਹਾ ਗੋਲਡੀ ਦੀ ਗ੍ਰਿਫਤਾਰੀ ਮੀਡੀਆ ਰਿਪੋਰਟਾਂ ਹੀ ਹਨ। ਅਸੀਂ ਅਜੇ ਇਸ ਦੀ ਪੁਸ਼ਟੀ ਨਹੀਂ ਕਰਦੇ।



ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਪੱਤਰਕਾਰਾਂ ਦੇ ਰੂਬਰੂ ਹੁੰਦੇ ਐਨਆਰਆਈ ਡਾਕਟਰ ਕੁਲਜੀਤ ਸਿੰਘ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਐਨਆਰਆਈ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਲਈ ਨਾਲ ਖੜ੍ਹੀ ਹੈ। ਕਾਨੂੰਨ ਵਿਵਸਥਾ ਨੂੰ ਲੈ ਕੇ ਕਿਹਾ ਕਿ ਅਸੀਂ ਸਾਰੇ ਵੀ ਤਾਂ ਪੰਜਾਬ ਵਿੱਚ ਰਹਿ ਰਹੇ ਹਾਂ। ਜੇਕਰ ਐਨਆਰਆਈ ਪੰਜਾਬ ਵਿੱਚ ਆਉਣਗੇ ਤਾਂ ਉਨ੍ਹਾਂ ਨੂੰ ਨਾ ਕੋਈ ਖਾ ਜਾਉਗਾ। 


ਕਾਨੂੰਨ ਵਿਵਸਥਾ ਨੂੰ ਲੈ ਕੇ ਰਾਜਪਾਲ ਬਨਵਾਰੀ ਲਾਲ ਵੱਲੋਂ ਦਿੱਤੇ ਗਏ ਬਿਆਨ ਬਾਰੇ ਮੰਤਰੀ ਧਾਲੀਵਾਲ ਨੇ ਕਿਹਾ ਰਾਜਪਾਲ ਕੀ ਕਹਿੰਦਾ ਹੈ, ਇਸ ਨਾਲ ਮੈਨੂੰ ਕੁਝ ਨਹੀਂ ਪਰ ਮੈਨੂੰ ਪੰਜਾਬ ਪੁਲਿਸ ਉਤੇ ਵਿਸਵਾਸ਼ ਹੈ ਕਿਉਂਕਿ ਸਾਨੂਂ ਪਹਿਲੀਆਂ ਸਰਕਾਰਾਂ ਕੰਢਿਆਂ ਦਾ ਤਾਜ ਦੇ ਕੇ ਗਈਆ ਹਨ। ਇਸ ਨੂੰ ਠੀਕ ਕਰਨ ਵਿੱਚ ਕੁਝ ਸਮਾਂ ਲੱਗੇਗਾ। ਮੰਤਰੀ ਧਾਲੀਵਾਲ ਨੇ ਪੰਜਾਬ ਸਰਕਾਰ ਵੱਲੋਂ ਲਏ ਗਏ 13640 ਕਰੋੜ ਦੇ ਕਰਜੇ ਨੂੰ ਲੈ ਕਿ ਕਿਹਾ ਕਿ ਇਹ ਆਪ ਸਰਕਾਰ ਦੀ ਗਲਤੀ ਨਹੀਂ। ਇਹ ਕਰਜੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ।


ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਤਾਂ ਪੰਜਾਬ ਦੇ ਵਿਕਾਸ ਤੇ ਪਹਿਲੇ ਕਰਜੇ ਦੀਆਂ ਕਿਸਤਾਂ ਉਤਾਰਨ ਲਈ ਹੀ ਕੰਮ ਕਰ ਰਹੀ ਹੈ। ਪੰਜਾਬ ਦੀ ਜੀਐਸਟੀ ਕੁਲੈਕਸ਼ਨ ਵਿੱਚ ਆਈ ਕਮੀ ਨੂੰ ਲੈ ਕੇ ਕਿਹਾ ਕਿ ਪਹਿਲੀਆਂ ਸਰਕਾਰਾਂ ਦੀਆਂ ਨੀਤੀਆਂ ਕਾਰਨ ਪੰਜਾਬ ਵਿੱਚ ਇੰਡਸਟਰੀ ਖਤਮ ਹੋ ਗਈ। ਹਰਿਆਣਾ ਤੇ ਹਿਮਾਚਲ ਵਿੱਚ ਇੰਡਸਟਰੀ ਹੈ ਪਰ ਸਾਡੀ ਸਰਕਾਰ ਇੰਡਸਟਰੀ ਵਾਪਸ ਲਿਆਉਣ ਲਈ ਲੱਗੀ ਹੋਈ ਹੈ 


ਦੋਨਾਂ ਹੀ ਸਰਕਾਰੀ ਸਕੂਲਾਂ ਦੀ ਇਮਾਰਤਾਂ ਤਿਆਰ ਕਰਵਾਉਣ ਵਾਲੇ ਐਨਆਰਆਈ ਡਾਕਟਰ ਕੁਲਜੀਤ ਸਿੰਘ ਨੇ ਕਿਹਾ ਕਿ ਉਹ ਬਚਪਨ ਵਿੱਚ ਆਪਣੇ ਪਿੰਡ ਦੇ ਇਨ੍ਹਾਂ ਸਕੂਲਾਂ ਵਿੱਚ ਹੀ ਪੜ੍ਹੇ ਹਨ ਤੇ ਉਚੇਰੀ ਸਿੱਖਿਆ ਲੁਧਿਆਣੇ ਤੋਂ ਪੂਰੀ ਕਰਦੇ ਹੋਏ ਆਸਟਰੇਲੀਆ ਚਲੇ ਗਏ ਤੇ ਆਸਟਰੇਲੀਆ ਵਿੱਚ ਵੀ ਵਕਾਲਤ ਦੀ ਪੜ੍ਹਾਈ ਪੂਰੀ ਕਰਕੇ ਉਥੇ ਹੀ ਵੱਸ ਗਏ ਪਰ ਦਿਲ ਪਿੱਛੇ ਪਿੰਡ ਵਿੱਚ ਹੀ ਰਹਿੰਦਾ ਸੀ। 


ਉਨ੍ਹਾਂ ਦੱਸਿਆ ਕਿ ਇਹ ਸੋਚ ਰੱਖੀ ਕਿ ਪਿੰਡ ਦੇ ਆਪਣੇ ਸਰਕਾਰੀ ਸਕੂਲਾਂ ਨੂੰ ਵਧੀਆ ਬਣਵਾਉਣਾ ਹੈ ਤੇ ਪੜ੍ਹਨ ਵਾਲੇ ਇਨ੍ਹਾਂ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਉਣੀ ਹੈ। ਇਸੇ ਮਕਸਦ ਨਾਲ ਆਪਣੇ ਪਿੰਡ ਦੇ ਦੋਨੋਂ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਕੋਲੋਂ ਢੇਡ ਕਰੋੜ ਰੁਪਏ ਖਰਚ ਕਰਕੇ ਆਧੁਨਿਕ ਤਰੀਕੇ ਨਾਲ ਤਿਆਰ ਕਰਵਾਇਆ ਤੇ ਸਕੂਲ ਅੰਦਰ ਹਰ ਆਧੁਨਿਕ ਸਹੂਲਤ ਮੁਹੱਈਆ ਕਰਵਾਈ।