ਗਗਨਦੀਪ ਸ਼ਰਮਾ ਦੀ ਰਿਪੋਰਟ


ਅੰਮ੍ਰਿਤਸਰ: ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਪ੍ਰਤੀ ਦਿਨ 50 ਫ਼ੀਸਦੀ ਦੁਕਾਨਾਂ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸ਼ਹਿਰ ਦੇ ਸਾਰੇ ਵੱਡੇ ਬਾਜ਼ਾਰ ਤੇ ਮਾਰਕੀਟਾਂ ਵਿੱਚ ਇਸ ਫਾਰਮੂਲੇ ਨੂੰ ਦੁਕਾਨਦਾਰਾਂ ਨੇ ਮਨਜ਼ੂਰ ਤਾਂ ਕਰ ਲਿਆ ਪਰ ਉਹ ਸਰਕਾਰ ਦੇ ਫੈਸਲੇ ਤੋਂ ਜ਼ਿਆਦਾ ਖੁਸ਼ ਨਹੀਂ ਹਨ। ਇਸ ਦਾ ਮੁੱਖ ਕਾਰਨ ਇਸ ਫ਼ੈਸਲੇ ਵਿੱਚ ਸਪੱਸ਼ਟਤਾ ਨਾ ਹੋਣਾ ਤੇ ਕਾਰੋਬਾਰ ਵਿੱਚ ਭਾਰੀ ਨੁਕਸਾਨ ਹੋਣਾ ਹੈ।

ਇਸ ਫੈਸਲੇ ਤੋਂ ਬਾਅਦ ਬਾਜ਼ਾਰਾਂ ਵਿੱਚ ਕੁਝ ਭੀੜ ਤਾਂ ਘੱਟ ਹੋਈ ਹੈ ਪਰ ਸ਼ਹਿਰ ਦੇ ਪੁਰਾਣੇ ਤੇ ਭੀੜ-ਭਾੜ ਵਾਲੇ ਬਾਜ਼ਾਰਾਂ 'ਚ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਹਾਲੇ ਵੀ ਨਹੀਂ ਕੀਤੀ ਜਾ ਰਹੀ। ਉਧਰ, ਦੂਜੇ ਪਾਸੇ ਪੁਲਿਸ ਦੀਆਂ ਟੀਮਾਂ ਵੀ ਲਗਾਤਾਰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਜਾ ਕੇ ਪੈਟ੍ਰੋਲਿੰਗ ਕਰ ਰਹੀਆਂ ਹਨ ਤੇ ਚਲਾਨ ਕੱਟ ਰਹੀਆਂ ਹਨ।

ਇਸ ਕਰਕੇ ਉਨ੍ਹਾਂ ਦਾ ਕਾਰੋਬਾਰ ਵਿੱਚ ਪਹਿਲਾਂ ਵੀ ਭਾਰੀ ਨੁਕਸਾਨ ਹੋਇਆ ਸੀ ਤੇ ਹੁਣ ਵੀ ਨੁਕਸਾਨ ਝੱਲਣਾ ਪੈ ਰਿਹਾ ਹੈ। ਨਾਲ ਹੀ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਹੜੀ ਦੁਕਾਨ ਖੁੱਲ੍ਹੀ ਹੋਵੇਗੀ ਜਾਂ ਕਿਹੜੀ ਬੰਦ। ਹੋਰ ਤਾਂ ਹੋਰ ਮਨਜ਼ੂਰਸ਼ੁਦਾ ਲੋੜੀਂਦੀਆਂ ਵਸਤਾਂ ਦੀਆਂ ਦੁਕਾਨਾਂ ਬਾਰੇ ਵੀ ਸਥਿਤੀ ਸਾਫ ਨਾ ਹੋਣ ਕਰਕੇ ਇਸ ਦੀ ਕੀਮਤ ਦੁਕਾਨਦਾਰਾਂ ਨੂੰ ਚੁਕਾਉਣੀ ਪੈ ਰਹੀ ਹੈ ਕਿਉਂਕਿ ਪੁਲਿਸ ਵੱਲੋਂ ਉਨ੍ਹਾਂ ਦੇ ਚਲਾਨ ਕੱਟ ਰਹੀ ਹੈ।

ਸੂਬੇ ਦੇ ਪੰਜ ਜ਼ਿਲ੍ਹਿਆਂ 'ਚ ਕੋਰੋਨਾ ਦੇ ਕਹਿਰ ਕਰਕੇ ਔਡ-ਈਵਨ ਦਾ ਦੁਕਾਨਦਾਰਾਂ ਵੱਲੋਂ ਵਿਰੋਧ

ਸਾਰੇ ਦੁਕਾਨਦਾਰਾਂ ਨੇ ਆਪਣੇ ਕਾਰੋਬਾਰ ਵਿੱਚ ਹੋਏ ਭਾਰੀ ਘਾਟੇ ਦਾ ਰੋਣਾ ਰੋਂਦਿਆਂ ਕਿਹਾ ਕਿ ਅਸੀਂ ਪਹਿਲਾਂ ਹੀ ਬਹੁਤ ਨੁਕਸਾਨ ਝੱਲ ਚੁੱਕੇ ਹਾਂ। ਸਰਕਾਰ ਨੂੰ ਘੱਟੋ-ਘੱਟ ਪੰਜ ਦਿਨ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਤੇ ਸ਼ਨੀਵਾਰ ਤੇ ਐਤਵਾਰ ਦੋ ਦਿਨ ਲੋਕਡਾਊਨ ਰੱਖਿਆ ਜਾਵੇ।

ਸਰਕਾਰੀ ਹੁਕਮਾਂ ਦੀ ਪਾਲਣਾ ਨਾ ਹੋਈ ਤਾਂ ਹੋਵੇਗੀ ਕਾਰਵਾਈ-ਪੁਲਿਸ

ਦੂਜੇ ਪਾਸੇ ਪੁਲਿਸ ਦੀਆਂ ਟੀਮਾਂ ਨੇ ਸ਼ਹਿਰ ਦੇ ਵਿੱਚ ਲਗਾਤਾਰ ਗਸ਼ਤ ਕਰਕੇ ਸਥਿਤੀ 'ਤੇ ਨਜ਼ਰ ਰੱਖ ਰਹੀਆਂ ਹਨ। ਏਸੀਪੀ ਸੈਂਟਰਲ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਜੋ ਵੀ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਹੀਂ ਕਰੇਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪਹਿਲਾਂ ਤਾਂ ਸਮਝਾਇਆ ਜਾ ਰਿਹਾ ਹੈ ਚਲਾਨ ਕੱਟੇ ਜਾ ਰਹੇ ਹਨ ਪਰ ਜੇਕਰ ਕੋਈ ਦੁਕਾਨਦਾਰ ਨਾ ਮੰਨੇ ਤਾਂ ਜ਼ਰੂਰਤ ਪੈਣ 'ਤੇ ਡੀਸੀ ਦੇ ਹੁਕਮਾਂ ਮੁਤਾਬਕ ਦੁਕਾਨਾਂ ਨੂੰ ਸੀਲ ਵੀ ਕਰ ਦਿੱਤਾ ਜਾਵੇਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904