Ola Uber Hikes Prices: ਪ੍ਰਚੂਨ ਮਹਿੰਗਾਈ ਦੇ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਪਰ ਹੁਣ ਦਫਤਰ ਤੋਂ ਲੈ ਕੇ ਸਫਰ ਕਰਨਾ ਵੀ ਮਹਿੰਗਾ ਹੋ ਗਿਆ ਹੈ। ਐਪ ਆਧਾਰਿਤ ਕੈਬ ਐਗਰੀਗੇਟਰ ਕੰਪਨੀਆਂ ਨੇ ਪੈਟਰੋਲ, ਡੀਜ਼ਲ ਅਤੇ ਸੀਐਨਜੀ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਕਾਰਨ ਕਿਰਾਏ ਵਿੱਚ ਵਾਧਾ ਕੀਤਾ ਹੈ। ਜਿਸ ਕਾਰਨ ਆਮ ਲੋਕਾਂ ਦਾ ਬਜਟ ਵਿਗੜਦਾ ਜਾ ਰਿਹਾ ਹੈ। ਓਲਾ ਅਤੇ ਉਬਰ ਨੇ ਕਿਰਾਏ ਵਧਾ ਦਿੱਤੇ ਹਨ। ਦੋਵਾਂ ਕੰਪਨੀਆਂ ਨੇ ਕੈਪ ਕਿਰਾਏ 'ਚ 12 ਫੀਸਦੀ ਤੱਕ ਦਾ ਵਾਧਾ ਕੀਤਾ ਹੈ।

ਕੈਬ ਦੀ ਸਵਾਰੀ ਹੋਈ ਮਹਿੰਗੀ
ਉਬਰ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਤੇਲ ਦੀਆਂ ਵਧਦੀਆਂ ਕੀਮਤਾਂ "ਚਿੰਤਾ" ਵਧਾ ਰਹੀਆਂ ਹਨ ਅਤੇ ਕੰਪਨੀ "ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਰ ਜ਼ਰੂਰੀ ਕਦਮ ਚੁੱਕੇਗੀ"। ਉਬਰ ਇੰਡੀਆ ਤੇ ਦੱਖਣੀ ਏਸ਼ੀਆ ਦੇ ਕੇਂਦਰੀ ਸੰਚਾਲਨ ਦੇ ਮੁਖੀ ਨਿਤੀਸ਼ ਭੂਸ਼ਣ ਨੇ ਕਿਹਾ ਕਿ "ਡਰਾਈਵਰਾਂ ਤੋਂ ਫੀਡਬੈਕ ਲਿਆ ਗਿਆ ਹੈ ਅਤੇ ਸਾਡਾ ਮੰਨਣਾ ਹੈ ਕਿ ਤੇਲ ਦੀਆਂ ਵਧਦੀਆਂ ਕੀਮਤਾਂ ਚਿੰਤਾ ਦਾ ਕਾਰਨ ਬਣ ਰਹੀਆਂ ਹਨ।
 
ਅਜਿਹੇ ਸਮੇਂ 'ਚ ਡਰਾਈਵਰਾਂ ਨੂੰ ਰਾਹਤ ਦੇਣ ਲਈ ਉਬਰ ਨੇ ਦਿੱਲੀ-ਐੱਨਸੀਆਰ 'ਚ ਕਿਰਾਏ 'ਚ 12 ਫੀਸਦੀ ਤੱਕ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਉਬਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਤੇਲ ਦੀਆਂ ਕੀਮਤਾਂ 'ਤੇ ਨਜ਼ਰ ਰੱਖੇਗੀ ਤੇ ਸਥਿਤੀ ਨੂੰ ਦੇਖਦੇ ਹੋਏ ਫੈਸਲਾ ਲਿਆ ਜਾਵੇਗਾ।

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਅਸਰ
ਦੱਸ ਦੇਈਏ ਕਿ 22 ਮਾਰਚ ਤੋਂ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ 14 ਦਿਨਾਂ ਵਿੱਚ ਦੋਵਾਂ ਈਂਧਨਾਂ ਦੀਆਂ ਕੀਮਤਾਂ ਵਿੱਚ 10 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ। ਦਿੱਲੀ 'ਚ ਇਸ ਸਮੇਂ ਪੈਟਰੋਲ 105.41 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 96.67 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਕਈ ਸ਼ਹਿਰਾਂ 'ਚ ਪੈਟਰੋਲ ਡੀਜ਼ਲ ਵੀ ਮਹਿੰਗੇ ਭਾਅ 'ਤੇ ਮਿਲ ਰਿਹਾ ਹੈ।

ਛੇ ਮਹੀਨਿਆਂ 'ਚ CNG 50 ਫੀਸਦੀ ਮਹਿੰਗੀ
ਪੈਟਰੋਲ ਡੀਜ਼ਲ ਹੀ ਨਹੀਂ ਸੀਐਨਜੀ ਦੀਆਂ ਕੀਮਤਾਂ ਵਿੱਚ ਵੀ ਜ਼ਬਰਦਸਤ ਵਾਧਾ ਹੋਇਆ ਹੈ। ਕੇਂਦਰ ਸਰਕਾਰ ਵੱਲੋਂ ਘਰੇਲੂ ਕੁਦਰਤੀ ਗੈਸ ਦੀਆਂ ਕੀਮਤਾਂ ਦੁੱਗਣੀਆਂ ਕਰਨ ਤੋਂ ਬਾਅਦ ਗੈਸ ਕੰਪਨੀਆਂ ਨੇ ਵੀ ਸੀਐਨਜੀ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕੀਤਾ ਹੈ। ਅਪ੍ਰੈਲ ਮਹੀਨੇ ਵਿੱਚ ਸੀਐਨਜੀ ਦੀਆਂ ਕੀਮਤਾਂ ਵਿੱਚ ਚਾਰ ਵਾਰ ਵਾਧਾ ਕੀਤਾ ਗਿਆ ਹੈ। ਜਦੋਂ ਕਿ ਇੱਕ ਮਹੀਨੇ ਵਿੱਚ 10 ਵਾਰ ਕੀਮਤਾਂ ਵਧਾਈਆਂ ਗਈਆਂ ਹਨ।

ਫਿਲਹਾਲ ਦਿੱਲੀ 'ਚ CNG 69.11 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਉਪਲਬਧ ਹੈ। ਜਦੋਂ ਕਿ ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਸੀਐਨਜੀ 71.67 ਰੁਪਏ ਅਤੇ ਗੁਰੂਗ੍ਰਾਮ ਵਿੱਚ 77.44 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਉਪਲਬਧ ਹੈ। ਪਿਛਲੇ ਛੇ ਮਹੀਨਿਆਂ ਵਿੱਚ ਸੀਐਨਜੀ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਨੂੰ ਦੇਖੀਏ ਤਾਂ ਸੀਐਨਜੀ ਲਗਭਗ 50 ਫੀਸਦੀ ਮਹਿੰਗੀ ਹੋ ਗਈ ਹੈ।

ਟੈਕਸੀ ਚਾਲਕਾਂ ਵੱਲੋਂ ਕਿਰਾਏ ਵਿੱਚ ਵਾਧੇ ਦੀ ਮੰਗ
ਹਾਲਾਂਕਿ ਉਬਰ ਓਲਾ ਨੇ ਆਪਣੀਆਂ ਕੈਬ 'ਚ ਸਵਾਰੀ ਮਹਿੰਗੀ ਕਰ ਦਿੱਤੀ ਹੈ ਪਰ ਇਨ੍ਹਾਂ ਕੈਬ ਦੇ ਡਰਾਈਵਰ ਇਸ ਤੋਂ ਸੰਤੁਸ਼ਟ ਨਹੀਂ ਹਨ। ਉਹ ਕੀਮਤਾਂ ਹੋਰ ਵੀ ਵਧਾਉਣ ਲਈ ਦਬਾਅ ਪਾ ਰਹੇ ਹਨ ਅਤੇ ਹੜਤਾਲ 'ਤੇ ਜਾਣ ਦੀਆਂ ਧਮਕੀਆਂ ਦੇ ਰਹੇ ਹਨ, ਅਜਿਹੇ 'ਚ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਧਣ ਵਾਲੀਆਂ ਹਨ। ਇਸ ਤੋਂ ਇਲਾਵਾ ਬੀਤੇ ਕੱਲ ਚੰਡੀਗੜ੍ਹ ਤੇ ਮੋਹਾਲੀ ਦੇ ਵਿੱਚ ਵੀ ਕੈਬ ਡਰਾਈਵਰਾਂ ਨੇ ਕਿਰਾਏ ਵਿੱਚ ਵਾਧੇ ਦੀ ਮੰਗ ਕੀਤੀ ਸੀ।