ਬਰਨਾਲਾ: ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ। ਇਸ ਵਿੱਚ ਇੱਕ ਬਜ਼ੁਰਗ ਭਗਵੰਤ ਮਾਨ ਨੂੰ ਬੋਤਲ ਭੇਟ ਕਰ ਰਹੇ ਹਨ। ਕਈ ਲੋਕ ਇਸ ਨੂੰ 'ਸ਼ਰਾਬ' ਦੀ ਬੋਤਲ ਦੱਸ ਰਹੇ ਹਨ ਪਰ ਇਹ ਘਿਓ ਦੀ ਬੋਤਲ ਹੈ।
ਦਰਅਸਲ ਭਗਵੰਤ ਮਾਨ ਬਰਨਾਲਾ ਰੈਲੀ ਲਈ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸੀ। ਇਸੇ ਦੌਰਾਨ ਪੰਡਾਲ 'ਚੋਂ ਉੱਠ ਕੇ ਬਜ਼ੁਰਗ ਨੇ ਭਗਵੰਤ ਮਾਨ ਨੂੰ ਮੰਚ ਇੱਕ ਬੋਤਲ ਭੇਟ ਕੀਤੀ। ਬੋਤਲ ਵੇਖ ਇੱਕ ਵਾਰ ਤਾਂ ਸਾਰੇ ਹੈਰਾਨ ਰਹਿ ਗਏ। ਬਾਅਦ ਵਿੱਚ ਪਤਾ ਲੱਗਾ ਕਿ ਬੋਤਲ ਵਿੱਚ ਦੇਸੀ ਘਿਓ ਹੈ।
ਬਜ਼ੁਰਗ ਨੇ ਕਿਹਾ ਕਿ ਉਨ੍ਹਾਂ ਦੇ ਘਰ ਦੀਆਂ ਗਾਵਾਂ ਦੇ ਦੁੱਧ ਦਾ ਘਿਓ ਹੈ। ਉਨ੍ਹਾਂ ਨੇ ਭਗਵੰਤ ਮਾਨ ਨੂੰ ਇਹ ਘਿਓ ਇਸ ਲਈ ਦਿੱਤਾ ਹੈ ਕਿ ਉਹ ਲੋਕ ਸਭਾ ਚੋਣਾਂ ਵਿੱਚ ਤਗੜੇ ਹੋ ਕੇ ਲੜ ਸਕਣ। ਇਸ ਦੇ ਨਾਲ ਹੀ ਬਜ਼ੁਰਗ ਨੇ ਕਿਹਾ ਕਿ ਉਨ੍ਹਾਂ ਨੇ ਬੋਤਲ ਵਿੱਚ ਘਿਓ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਕਿ ਉਹ ਨਸ਼ਿਆਂ ਨੂੰ ਤਿਆਗ ਕੇ ਚੰਗੀਆਂ ਚੀਜ਼ਾਂ ਵੱਲ ਵਧਣ।